Huawei ਨੂੰ ਜ਼ੋਰ ਦਾ ਝਟਕਾ, UK ਤੇ ਜਪਾਨ 'ਚ ਰੱਦ ਹੋਣ ਲੱਗੇ ਆਰਡਰ

05/23/2019 11:56:51 AM

ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਵੱਲੋਂ ਲਾਈ ਪਾਬੰਦੀ ਦਾ ਸਾਹਮਣਾ ਕਰ ਰਹੀ ਚਾਈਨਿਜ਼ ਸਮਾਰਟ ਫੋਨ ਕੰਪਨੀ ਹੁਵੇਈ ਨੂੰ ਇਸ ਸਾਲ ਵੱਡਾ ਘਾਟਾ ਹੋਣ ਦਾ ਖਦਸ਼ਾ ਹੈ। ਜਪਾਨ ਤੇ ਯੂ. ਕੇ. 'ਚ ਮੋਬਾਇਲ ਨੈੱਟਵਰਕਸ ਨੇ ਹੁਵੇਈ ਸਮਾਰਟ ਫੋਨਾਂ ਦਾ ਆਰਡਰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ।

 

 

ਇਸ ਕਾਰਨ ਹੁਵਾਈ ਨੂੰ ਸਭ ਤੋਂ ਵੱਡਾ ਝਟਕਾ 5ਜੀ ਬਾਜ਼ਾਰ 'ਚ ਲੱਗਣ ਜਾ ਰਿਹਾ ਹੈ। ਇਸ ਪਾਬੰਦੀ ਕਾਰਨ ਹੁਵੇਈ ਦਾ 5ਜੀ ਸਮਾਰਟ ਫੋਨ ਬਾਜ਼ਾਰ 'ਚ ਮੋਹਰੀ ਬਣਨ ਦਾ ਸੁਪਨਾ ਟੁੱਟ ਸਕਦਾ ਹੈ। ਗੂਗਲ ਨੇ ਟਰੰਪ ਸਰਕਾਰ ਵੱਲੋਂ ਤਕਨਾਲੋਜੀ ਬਰਾਮਦ 'ਤੇ ਲਾਈ ਪਾਬੰਦੀ ਦੀ ਪਾਲਣਾ ਕਰਦੇ ਹੋਏ ਹੁਵੇਈ ਨੂੰ 'ਐਂਡ੍ਰਾਇਡ' ਸਿਸਟਮ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਅਮਰੀਕਾ ਦੇ ਕਾਮਰਸ ਵਿਭਾਗ ਨੇ ਪਾਬੰਦੀ 'ਚ 90 ਦਿਨਾਂ ਦੀ ਢਿੱਲ ਦਿੰਦੇ ਹੋਏ ਗੂਗਲ ਨੂੰ ਮੌਜੂਦਾ ਹੁਵੇਈ ਸਮਾਰਟ ਫੋਨਾਂ ਨੂੰ ਸਰਵਿਸ ਦੇਣ ਦੀ ਮਨਜ਼ੂਰੀ ਦਿੱਤੀ ਹੈ ਪਰ ਨਵਾਂ ਸਮਾਰਟ ਫੋਨ 'ਐਂਡ੍ਰਾਇਡ' ਤੋਂ ਵਾਂਝਾ ਰਹੇਗਾ।
ਜਪਾਨੀ ਟੈਲੀਕਾਮ ਫਰਮ ਐੱਨ. ਟੀ. ਟੀ. ਡੋਕੋਮੋ ਨੇ ਕਿਹਾ ਹੈ ਕਿ ਉਸ ਨੇ ਹੁਵੇਈ ਫੋਨਾਂ ਦੀ ਬੁਕਿੰਗ ਲੈਣੀ ਬੰਦ ਕਰ ਦਿੱਤੀ ਹੈ ਤੇ ਯੂ. ਐੱਸ. ਦੀ ਪਾਬੰਦੀ ਦਾ ਪ੍ਰਭਾਵ ਦੇਖ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਪਲ ਨੂੰ ਪਛਾੜ ਕੇ ਹੁਵੇਈ ਦੂਜੀ ਸਭ ਤੋਂ ਵੱਡੀ ਸਮਾਰਟ ਫੋਨ ਕੰਪਨੀ ਬਣੀ ਸੀ। ਇਹ ਆਪਣੀ ਵਿਕਰੀ ਦੇ ਅੱਧੇ ਹਿੱਸੇ ਲਈ ਚੀਨ ਦੇ ਬਾਹਰੀ ਬਾਜ਼ਾਰਾਂ 'ਤੇ ਨਿਰਭਰ ਹੈ। ਗੂਗਲ ਦੀ ਸਰਵਿਸ ਹੁਵੇਈ 'ਚ ਗਾਇਬ ਹੋਣ ਨਾਲ ਹੁਣ ਕੌਮਾਂਤਰੀ ਬਾਜ਼ਾਰਾਂ 'ਚ ਇਸ ਦੀ ਵਿਕਰੀ ਘੱਟ ਹੋਣ ਦਾ ਖਦਸ਼ਾ ਹੈ, ਜਿਸ ਕਾਰਨ ਕੰਪਨੀ ਨੂੰ ਵੱਡਾ ਘਾਟਾ ਪੈ ਸਕਦਾ ਹੈ।