ਵਿਦੇਸ਼ ਤੋਂ ਵੀ ਕਰ ਸਕੋਗੇ ਖੂਬ ਗੱਲਾਂ, ਜਲਦ ਮਿਲ ਸਕਦਾ ਹੈ ਇਹ ਤੋਹਫਾ

08/20/2019 11:59:22 AM

ਨਵੀਂ ਦਿੱਲੀ— ਕੌਮਾਂਤਰੀ ਰੋਮਿੰਗ 'ਤੇ ਤੁਹਾਡੇ ਮੋਬਾਇਲ ਫੋਨ ਦਾ ਬਿੱਲ ਜਲਦ ਹੀ ਘੱਟ ਹੋ ਸਕਦਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਵਿਦੇਸ਼ ਘੁੰਮਣ ਜਾਣ ਵਾਲੇ ਲੋਕਾਂ ਲਈ ਕੌਮਾਂਤਰੀ ਰੋਮਿੰਗ ਚਾਰਜਾਂ ਨੂੰ ਘੱਟ ਕਰਾਉਣ ਲਈ ਆਪਣੇ ਵਿਦੇਸ਼ੀ ਹਮਰੁਤਬਾਵਾਂ ਨਾਲ ਗੱਲਬਾਤ ਕਰ ਰਿਹਾ ਹੈ।

 

ਪਾਕਿਸਤਾਨ ਨੂੰ ਛੱਡ ਕੇ ਹੁਣ ਤਕ ਸਾਰਕ ਦੇਸ਼ਾਂ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਹੈ, ਤਾਂ ਜੋ ਉੱਥੇ ਘੁੰਮਣ ਜਾਣ ਵਾਲੇ ਭਾਰਤੀ ਲੋਕਾਂ ਲਈ ਰੋਮਿੰਗ ਚਾਰਜ ਘੱਟ ਹੋ ਸਕਣ। ਉਦਾਹਰਣ ਲਈ ਨੇਪਾਲ 'ਚ ਰੋਮਿੰਗ ਚਾਰਜ ਲਗਭਗ ਯੂ. ਕੇ. ਜਿੰਨੇ ਹਨ। ਟਰਾਈ ਦਾ ਮੰਨਣਾ ਹੈ ਕਿ ਜੇਕਰ ਉਹ ਆਪਣੇ ਗੁਆਂਢੀ ਮੁਲਕਾਂ ਨੂੰ ਦੋ-ਪੱਖੀ ਗੱਲਬਾਤ ਰਾਹੀਂ ਟੈਰਿਫ ਘੱਟ ਕਰਨ ਲਈ ਮਨਾਉਣ 'ਚ ਸਫਲ ਹੁੰਦਾ ਹੈ ਤਾਂ ਯੂਰਪ, ਅਫਰੀਕਾ ਅਤੇ ਲੈਟਿਨ ਅਮਰੀਕਾ ਵਰਗੇ ਦੇਸ਼ਾਂ ਨਾਲ ਵੀ ਇਸ ਬਾਰੇ ਗੱਲਬਾਤ ਕਰਨੀ ਆਸਾਨ ਹੋਵੇਗੀ, ਜਿੱਥੇ ਭਾਰਤ ਨਾਲੋਂ ਕਾਫੀ ਵੱਧ ਟੈਰਿਫ ਚਾਰਜ ਹਨ।

ਇਕ ਅਧਿਕਾਰੀ ਮੁਤਾਬਕ ਹੁਣ ਤਕ ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ ਤੇ ਅਫਗਾਨਿਸਤਾਨ ਨਾਲ ਗੱਲਬਾਤ ਸਕਾਰਾਤਮਕ ਰਹੀ ਹੈ।ਇਨ੍ਹਾਂ 'ਚੋਂ ਕੁਝ ਮੁਲਕਾਂ 'ਚ ਯੂ. ਐੱਸ., ਇੰਗਲੈਂਡ ਤੇ ਕੈਨੇਡਾ ਨਾਲੋਂ ਵੀ ਵੱਧ ਰੋਮਿੰਗ ਚਾਰਜ ਹਨ। ਟਰਾਈ ਦੇ ਇਸ ਕਦਮ ਦਾ ਮਕਸਦ ਭਾਰਤੀ ਮੁਸਾਫਰਾਂ ਨੂੰ ਘਰੇਲੂ ਟੈਲੀਕਾਮਸ ਕੋਲੋਂ ਰੋਮਿੰਗ ਪੈਕਸ ਖਰੀਦਣ ਲਈ ਉਤਸ਼ਾਹਤ ਕਰਨਾ ਵੀ ਹੈ।