ਛੇਤੀ ਵਿਕ ਸਕਦੈ ਟਵਿਟਰ, ਇਹ ਹਨ ਡੀਲ ਲਈ ਸਭ ਤੋਂ ਮੋਹਰੇ

09/25/2016 7:45:39 AM

ਨਵੀਂ ਦਿੱਲੀ— ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਖੁਦ ਨੂੰ ਵੇਚਣ ਲਈ ਕਈ ਤਕਨੀਕੀ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਟਵਿਟਰ ਦੇ ਮਾਲੀਏ ''ਚ ਲਗਾਤਾਰ ਗਿਰਾਵਟ ਆ ਰਹੀ ਹੈ। ਇਸ ਦੀ ਵਜ੍ਹਾ ਨਾਲ ਕੰਪਨੀ ਅਜਿਹਾ ਕਰ ਰਹੀ ਹੈ। 

ਸਾਲ 2013 ''ਚ ਆਈ. ਪੀ. ਓ. ਆਉਣ ਪਿੱਛੋਂ ਟਵਿਟਰ ਦਾ ਮਾਲੀਆ ਵਾਧਾ ਸਭ ਤੋਂ ਘੱਟ ਰਿਹਾ ਹੈ। ਇਕ ਟੀ. ਵੀ. ਚੈਨਲ ਮੁਤਾਬਕ ਵਿਕਰੀ ਨੂੰ ਲੈ ਕੇ ਟਵਿਟਰ ਛੇਤੀ ਹੀ ਕੋਈ ਐਲਾਨ ਕਰ ਸਕਦੀ ਹੈ। 

ਗੂਗਲ ਅਤੇ ਸੇਲਸਫੋਰਸ ਖਰੀਦ ਸਕਦੇ ਹਨ

ਸੂਤਰਾਂ ਦੇ ਮੁਤਾਬਕ ਜਿਨ੍ਹਾਂ ਕੰਪਨੀਆਂ ਨੇ ਟਵਿਟਰ ਨੂੰ ਖਰੀਦਣ ''ਚ ਰੁਚੀ ਵਿਖਾਈ ਹੈ, ਉਨ੍ਹਾਂ ''ਚ ਗੂਗਲ ਅਤੇ ਸੇਲਸਫੋਰਸ ਡਾਟ ਕਾਮ ਸਭ ਤੋਂ ਮੋਹਰੀ ਹਨ। ਖਰੀਦਦਾਰੀ ਨੂੰ ਲੈ ਕੇ ਟਵਿਟਰ ਦੀ ਜਿੰਨ੍ਹਾਂ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ ਉਨ੍ਹਾਂ ''ਚ ਇਨ੍ਹਾਂ ਦੋਵਾਂ ਕੰਪਨੀਆਂ ਤੋਂ ਇਲਾਵਾ ਅਲਫਾਬੇਟ ਵੀ ਸ਼ਾਮਲ ਹੈ । ਟਵਿਟਰ ਦੇ ਬੋਰਡ ਆਫ ਡਾਇਰੈਕਟਰਸ ਵਿਕਰੀ ਸਬੰਧੀ ਸੌਦੇ ਨੂੰ ਲੈ ਕੇ ਕਾਫ਼ੀ ਉਤਸੁਕ ਹਨ ਪਰ ਬਹੁਤ ਜਲਦੀ ਇਸ ਤਰ੍ਹਾਂ ਦੇ ਸੌਦੇ ਦੀ ਸੰਭਾਵਨਾ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਵਿਕਰੀ ਸਬੰਧੀ ਗੱਲ ਕਾਫ਼ੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਇਸ ਸਾਲ ਦੇ ਅਖੀਰ ਤੱਕ ਸੰਭਵ ਹੈ ਕਿ ਸੌਦਾ ਹੋ ਜਾਵੇ। ਇਸ ਖਬਰ ਦੀ ਪੁਸ਼ਟੀ ਲਈ ਟਵਿਟਰ ਅਤੇ ਅਲਫਾਬੇਟ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ ਤੇ ਸੇਲਸਫੋਰਸ ਨੇ ਵੀ ਕੁੱਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ ।    

ਫੇਸਬੁੱਕ ਤੋਂ ਮਿਲ ਰਹੀ ਹੈ ਵੱਡੀ ਚੁਣੌਤੀ 

ਟਵਿਟਰ ਨੂੰ ਆਪਣੇ ਹਾਈ ਪਬਲਿਕ ਪ੍ਰੋਫਾਈਲ ਨੂੰ ਯੂਜ਼ਰ ਵਾਧੇ ''ਚ ਬਦਲਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਇਸ ''ਚ ਸਭ ਤੋਂ ਵੱਡੀ ਚੁਣੌਤੀ ਫੇਸਬੁੱਕ ਤੋਂ ਮਿਲ ਰਹੀ ਹੈ। ਫੇਸਬੁੱਕ ਦੇ ਕੋਲ ਮੌਜੂਦਾ ''ਚ 1.71 ਅਰਬ ਯੂਜ਼ਰਸ ਹਨ। ਇੰਨਾ ਹੀ ਨਹੀਂ ਮੈਨੇਜਮੈਂਟ ਪੱਧਰ ''ਤੇ ਵੀ ਕੰਪਨੀ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । 

ਟਵਿਟਰ ਦੀ ਮਾਰਕੀਟ ਵੈਲਿਊ 1,067 ਅਰਬ ਰੁਪਏ

ਸ਼ੁੱਕਰਵਾਰ ਨੂੰ ਟਵਿਟਰ ਦਾ ਸ਼ੇਅਰ 20 ਫੀਸਦੀ ਉਛਾਲ ਦੇ ਨਾਲ 22.46 ਡਾਲਰ ਦੇ ਪੱਧਰ ''ਤੇ ਪਹੁੰਚ ਗਿਆ। 2013 ਤੋਂ ਬਾਅਦ ਟਵਿਟਰ ਦੇ ਸ਼ੇਅਰਾਂ ''ਚ ਇਹ ਇਕ ਦਿਨ ''ਚ ਆਇਆ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਟਵਿਟਰ ਦੀ ਮੌਜੂਦਾ ਮਾਰਕੀਟ ਵੈਲਿਊ 16 ਅਰਬ ਡਾਲਰ (1067 ਅਰਬ ਰੁਪਏ) ਹੈ।

22 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਹੋ ਸਕਦੈ ਸੌਦਾ

ਮਾਰਨਿੰਗਸਟਾਰ ਦੇ ਐਨਾਲਿਸਟ ਮੋਗਰਾਬੀ ਦਾ ਕਹਿਣਾ ਹੈ ਕਿ ਟਵਿਟਰ ਨੂੰ ਖਰੀਦਣਾ ਅਲਫਾਬੇਟ ਲਈ ਠੀਕ ਹੋਵੇਗਾ। ਕਈ ਕੋਸ਼ਿਸ਼ਾਂ ਦੇ ਬਾਵਜੂਦ ਅਲਫਾਬੇਟ ਹੁਣ ਤੱਕ ਸੋਸ਼ਲ ਮੀਡੀਆ ''ਤੇ ਆਪਣੀ ਪ੍ਰਮੁੱਖ ਜਗ੍ਹਾ ਨਹੀਂ ਬਣਾ ਸਕੀ ਹੈ। 

ਮਾਰਨਿੰਗਸਟਾਰ ਦੇ ਮੁਤਾਬਕ ਟਵਿਟਰ ਨੂੰ 22 ਡਾਲਰ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦਿਆ ਜਾ ਸਕਦਾ ਹੈ। ਇਸ਼ਤਿਹਾਰ ਦੇਣ ਵਾਲੇ ਯੂਜ਼ਰਸ ਦਰਮਿਆਨ ਫੇਸਬੁੱਕ, ਇੰਸਟਾਗ੍ਰਾਮ ਅਤੇ ਸਨੈਪਚੈਟ ਵਰਗੇ ਪਲੇਟਫਾਰਮ ਜ਼ਿਆਦਾ ਲੋਕਪ੍ਰਿਯ ਹਨ ।