ਬਜਟ 'ਚ ਖੁੱਲ੍ਹੇਗਾ ਜੇਤਲੀ ਦਾ ਪਿਟਾਰਾ, ਮਿਡਲ ਕਲਾਸ ਨੂੰ ਮਿਲੇਗਾ ਤੋਹਫਾ!

01/10/2019 12:55:08 PM

ਨਵੀਂ ਦਿੱਲੀ— ਇਸ ਵਾਰ ਬਜਟ 'ਚ ਮਿਡਲ ਕਲਾਸ ਨੂੰ ਟੈਕਸ 'ਚ ਛੋਟ ਮਿਲਣ ਦੀ ਸੰਭਾਵਨਾ ਹੈ। ਵਿੱਤ ਮੰਤਰੀ ਅਰੁਣ ਜੇਤਲੀ 1 ਫਰਵਰੀ 2019 ਨੂੰ ਅੰਤਰਿਮ ਬਜਟ ਪੇਸ਼ ਕਰਨਗੇ। ਜਨਰਲ ਵਰਗ ਨੂੰ ਨੌਕਰੀ ਅਤੇ ਕਾਲਜਾਂ 'ਚ ਆਰਥਿਕ ਆਧਾਰ 'ਤੇ 10 ਫੀਸਦੀ ਰਾਖਵਾਂਕਰਨ ਦਿੱਤੇ ਜਾਣ ਦੇ ਫੈਸਲੇ ਮਗਰੋਂ ਹੁਣ ਮਿਡਲ ਕਲਾਸ ਨੂੰ ਟੈਕਸ ਛੋਟ ਦੇਣ 'ਤੇ ਵਿਚਾਰ ਹੋ ਸਕਦਾ ਹੈ। ਇਸ ਤਹਿਤ ਨੌਕਰੀਪੇਸ਼ਾ ਲੋਕਾਂ ਨੂੰ ਇਨਕਮ ਟੈਕਸ 'ਤੇ ਮਿਲਣ ਵਾਲੀ ਛੋਟ ਦੀ ਲਿਮਟ ਵਧਾਈ ਜਾ ਸਕਦੀ ਹੈ ਜਾਂ ਧਾਰਾ 80ਸੀ ਤਹਿਤ ਮੌਜੂਦਾ ਲਿਮਟ 1.50 ਲੱਖ ਰੁਪਏ ਤੋਂ ਉਪਰ ਕੀਤੀ ਜਾ ਸਕਦੀ ਹੈ।

ਸੀ. ਆਈ. ਆਈ. ਨੇ ਰੱਖੀ ਡਿਮਾਂਡ-


ਉਦਯੋਗ ਸੰਗਠਨ ਸੀ. ਆਈ. ਆਈ. ਨੇ ਸਰਕਾਰ ਤੋਂ ਅਗਾਮੀ ਬਜਟ 'ਚ ਇਨਕਮ ਟੈਕਸ ਛੋਟ ਲਿਮਟ ਨੂੰ ਦੁੱਗਣਾ ਕਰਕੇ 5 ਲੱਖ ਰੁਪਏ ਕਰਨ ਦੀ ਸਿਫਾਰਸ਼ ਕੀਤੀ ਹੈ, ਨਾਲ ਹੀ ਬਚਤ ਨੂੰ ਪ੍ਰੋਮੋਟ ਕਰਨ ਲਈ ਧਾਰਾ 80ਸੀ ਤਹਿਤ ਕਟੌਤੀ ਦੀ ਲਿਮਟ ਵਧਾ ਕੇ 2.50 ਲੱਖ ਰੁਪਏ ਕਰਨ ਦੀ ਮੰਗ ਵੀ ਕੀਤੀ ਹੈ। ਭਾਰਤੀ ਉਦਯੋਗ ਸੰਗਠਨ (ਸੀ. ਆਈ. ਆਈ.) ਨੇ ਬਜਟ ਤੋਂ ਪਹਿਲਾਂ ਵਿੱਤ ਮੰਤਰਾਲਾ ਨੂੰ ਭੇਜੀ ਸਿਫਾਰਸ਼ 'ਚ ਸਲਾਹ ਦਿੱਤੀ ਹੈ ਕਿ ਨਿੱਜੀ ਇਨਕਮ ਟੈਕਸ ਦੇ ਸਭ ਤੋਂ ਉੱਚੇ ਸਲੈਬ ਨੂੰ ਵੀ 30 ਤੋਂ ਘਟਾ ਕੇ 25 ਫੀਸਦੀ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਇਲਾਵਾ 40 ਹਜ਼ਾਰ ਰੁਪਏ ਦੀ ਇਕਮੁਸ਼ਤ ਛੋਟ ਦੇ ਨਾਲ ਮੈਡੀਕਲ ਖਰਚ ਅਤੇ ਟਰਾਂਸਪੋਰਟ ਭੱਤੇ 'ਤੇ ਇਨਕਮ ਟੈਕਸ ਛੋਟ ਫਿਰ ਲਾਗੂ ਕਰ ਦਿੱਤੀ ਜਾਣੀ ਚਾਹੀਦੀ ਹੈ।

 

ਸੀ. ਆਈ. ਆਈ. ਨੇ ਸਿਫਰਾਸ਼ ਕੀਤੀ ਹੈ ਕਿ ਇਨਕਮ ਟੈਕਸ ਛੋਟ 5 ਲੱਖ ਰੁਪਏ ਤਕ ਕਰ ਦਿੱਤੀ ਜਾਣੀ ਚਾਹੀਦੀ ਹੈ। 5 ਤੋਂ 10 ਲੱਖ ਰੁਪਏ ਦੀ ਆਮਦਨ 'ਤੇ ਟੈਕਸ ਦਰ ਘਟਾ ਕੇ 10 ਫੀਸਦੀ, ਜਦੋਂ ਕਿ 10 ਤੋਂ 20 ਲੱਖ ਰੁਪਏ ਦੀ ਆਮਦਨ 'ਤੇ 20 ਫੀਸਦੀ ਅਤੇ 20 ਲੱਖ ਰੁਪਏ ਤੋਂ ਵਧ ਦੀ ਆਮਦਨ 'ਤੇ 25 ਫੀਸਦੀ ਇਨਕਮ ਟੈਕਸ ਲਗਾਇਆ ਜਾਣਾ ਚਾਹੀਦਾ ਹੈ।
 

 

ਇਹ ਹਨ ਮੌਜੂਦਾ ਦਰਾਂ-


ਇਨਕਮ ਟੈਕਸ ਦੀ ਮੌਜੂਦਾ ਦਰਾਂ ਤਹਿਤ 2.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਹੈ। 2.5 ਤੋਂ 5 ਲੱਖ ਰੁਪਏ ਤਕ ਦੀ ਆਮਦਨ 'ਤੇ 5 ਫੀਸਦੀ ਅਤੇ 5 ਤੋਂ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ 20 ਫੀਸਦੀ ਟੈਕਸ ਦਰ ਹੈ। ਇਸ ਦੇ ਇਲਾਵਾ 10 ਲੱਖ ਰੁਪਏ ਤੋਂ ਵਧ ਦੀ ਸਾਲਾਨਾ ਆਮਦਨ 'ਤੇ 30 ਫੀਸਦੀ ਇਨਕਮ ਟੈਕਸ ਲੱਗਦਾ ਹੈ।