ਮਰਸੀਡੀਜ਼ ਚਾਹੁੰਦੀ ਹੈ ਭਾਰਤ ''ਚ ਲਗਜ਼ਰੀ ਕਾਰਾਂ ''ਤੇ ਟੈਕਸ ਘੱਟ ਹੋਵੇ

07/23/2017 11:26:00 PM

ਨਵੀਂ ਦਿੱਲੀ— ਜਰਮਨੀ ਦੀ ਕਾਰ ਕੰਪਨੀ ਮਰਸੀਡੀਜ਼ ਬੈਂਜ਼ ਨੇ ਭਾਰਤ 'ਚ ਲਗਜ਼ਰੀ ਕਾਰਾਂ 'ਤੇ ਟੈਕਸ ਦੀਆਂ ਦਰਾਂ ਘੱਟ ਕਰਨ ਦੀ ਮੰਗ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਰੋਜ਼ਗਾਰ ਵਧੇਗਾ ਅਤੇ ਇਸ ਨਾਲ ਟੈਕਸ ਇਕੱਠਾ ਕਰਨ 'ਚ ਵੀ ਵਾਧਾ ਹੋਵੇਗਾ। ਕੰਪਨੀ ਨੇ ਕਿਹਾ ਕਿ ਟੈਕਸੇਸ਼ਨ ਮਾਮਲੇ 'ਚ ਬਿਹਤਰ ਵਤੀਰੇ ਨਾਲ ਦੇਸ਼ 'ਚ ਲਗਜ਼ਰੀ ਕਾਰਾਂ ਦੇ ਬਾਜ਼ਾਰ ਦਾ ਵਿਕਾਸ ਹੋਵੇਗਾ। ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਅਧੀਨ 1500 ਸੀ. ਸੀ. ਤੋਂ ਵੱਧ ਦੀ ਇੰਜਣ ਸਮਰੱਥਾ ਵਾਲੀਆਂ ਵੱਡੀਆਂ ਕਾਰਾਂ ਅਤੇ 4 ਮੀਟਰ ਤੋਂ ਜ਼ਿਆਦਾ ਦੀਆਂ 1500 ਸੀ. ਸੀ. ਤੋਂ ਵੱਧ ਇੰਜਣ ਸਮਰੱਥਾ ਵਾਲੀ ਐੱਸ. ਯੂ. ਵੀ. 'ਤੇ 28 ਫੀਸਦੀ ਦੀ ਉੱਚੀ ਦਰ ਤੋਂ ਇਲਾਵਾ 15 ਫੀਸਦੀ ਦਾ ਸਬ-ਟੈਕਸ ਲੱਗੇਗਾ।
ਮਰਸੀਡੀਜ਼ ਬੈਂਜ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਰੋਲੈਂਡ ਫਾਲਗਰ ਨੇ ਕਿਹਾ ਕਿ ਭਾਰਤ 'ਚ ਅਸੀਂ ਦੇਖਦੇ ਹਾਂ ਕਿ ਜੇਕਰ ਇਕ ਹੱਥ ਤੋਂ ਕੁਝ ਦਿੱਤਾ ਜਾਂਦਾ ਹੈ ਤਾਂ ਦੂਸਰੇ ਹੱਥ ਤੋਂ ਕੁਝ ਵਾਪਸ ਲਿਆ ਜਾਂਦਾ ਹੈ। ਇਸ ਕਾਰਨ ਭਾਰਤ 'ਚ ਲਗਜ਼ਰੀ ਹਿੱਸਾ ਵਧੀਆ ਪ੍ਰਦਰਸ਼ਨ ਨਹੀਂ ਕਰ ਰਿਹਾ ਹੈ।