ਸਰਕਾਰ ਦਾ ਝਟਕਾ, 20 ਤੋਂ ਵਧ ਦਵਾਈਆਂ ਦੀ ਕੀਮਤ 50 ਫੀਸਦੀ ਵਧਾਈ

12/14/2019 9:03:28 AM

ਨਵੀਂ ਦਿੱਲੀ— ਸਰਕਾਰ ਵੱਲੋਂ ਰਾਸ਼ਟਰੀ ਪ੍ਰਾਈਸ ਕੰਟਰੋਲ ਸੂਚੀ 'ਚ ਸ਼ਾਮਲ ਕੁਝ ਮੈਡੀਸਨਸ ਜਾਂ ਦਵਾਈਆਂ ਦੀ ਕੀਮਤ ਵਧਾਉਣ ਨੂੰ ਹਰੀ ਝੰਡੀ ਦਿੱਤੇ ਜਾਣ ਮਗਰੋਂ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ 21 ਦਵਾਈਆਂ ਦੀ ਸੀਲਿੰਗ ਕੀਮਤ 'ਚ 50 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ।

ਸਰਕਾਰ ਨੇ ਪਹਿਲੀ ਵਾਰ 'ਡਰੱਗ ਪ੍ਰਾਈਸ ਕੰਟਰੋਲ ਆਰਡਰ-2013' ਦੇ ਪੈਰਾ-19 ਤਹਿਤ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਤਕ ਇਸ ਦਾ ਇਸਤੇਮਾਲ ਸਟੈਂਟਸ ਤੇ ਗੋਡੇ ਬਦਲਣ 'ਚ ਵਰਤੇ ਜਾਂਦੇ ਉਪਕਰਣਾਂ ਦੀਆਂ ਕੀਮਤਾਂ ਨੂੰ ਘਟਾਉਣ ਲਈ ਕੀਤਾ ਜਾਂਦਾ ਰਿਹਾ ਹੈ। ਲਾਗਤ ਵਧਣ ਦਾ ਹਵਾਲਾ ਦਿੰਦੇ ਹੋਏ ਫਾਰਮਾ ਇੰਡਸਟਰੀ ਲਗਭਗ ਦੋ ਸਾਲਾਂ ਤੋਂ ਕੀਮਤਾਂ ਵਧਾਉਣ ਲਈ ਲਾਬੀ ਕਰ ਰਹੀ ਸੀ।

 

 

ਡੀ. ਪੀ. ਸੀ. ਓ.-2013 ਯਾਨੀ ਡਰੱਗ ਪ੍ਰਾਈਸ ਕੰਟਰੋਲ ਆਰਡਰ-2013 ਦਾ ਪੈਰਾ-19 ਆਸਧਾਰਨ ਹਾਲਤ 'ਚ ਦਵਾਈਆਂ ਦੀਆਂ ਕੀਮਤਾਂ ਵਧਾਉਣ ਜਾਂ ਘਟਾਉਣ ਨਾਲ ਸੰਬੰਧਤ ਹੈ। ਜਿਨ੍ਹਾਂ ਫਾਰਮੂਲੇਸ਼ਨ ਜਾਂ ਦਵਾਈਆਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ ਉਨ੍ਹਾਂ 'ਚ ਬੀ. ਸੀ. ਜੀ. ਟੀਕੇ, ਪੈਨਸਲਿਨ, ਮਲੇਰੀਆ ਤੇ ਕੋੜ੍ਹ ਦੀਆਂ ਦਵਾਈਆਂ (ਡੈਪਸੋਨ), ਇਸ ਤੋਂ ਇਲਾਵਾ ਦਿਲ, ਗੁਰਦੇ ਦੀ ਬਿਮਾਰੀ 'ਚ ਵਰਤੀ ਜਾਣ ਵਾਲੀ ਦਵਾਈ ਜਿਵੇਂ ਫਿਊਰੋਸੇਮਾਈਡ, ਵਿਟਾਮਿਨ ਸੀ, ਕੁਝ ਐਂਟੀਬਾਇਓਟਿਕ ਤੇ ਐਂਟੀ-ਐਲਰਜੀ ਮੈਡੀਸਨਸ ਸ਼ਾਮਲ ਹਨ।

ਬੀ. ਸੀ. ਜੀ. ਟੀਕੇ ਦੀ ਮੌਜੂਦਾ ਸੀਲਿੰਗ ਕੀਮਤ ਹੁਣ 8.75 ਰੁਪਏ ਪ੍ਰਤੀ ਡੋਜ਼ ਹੋ ਗਈ ਹੈ। ਕਲੋਫਾਜ਼ਾਮਾਈਨ ਦੇ ਇਕ 50 ਮਿਲੀਗ੍ਰਾਮ ਵਾਲੇ ਕੈਪਸੂਲ ਦੀ ਕੀਮਤ ਹੁਣ 2.13 ਰੁਪਏ ਹੈ ਤੇ 100 ਮਿਲੀਗ੍ਰਾਮ ਕੈਪਸੂਲ ਦੀ 3.63 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਹੋਰ ਦਵਾਈਆਂ ਦੀ ਇਕ ਗੋਲੀ ਜਾਂ 1 ਮਿ. ਲੀ. ਓਰਲ ਲਿਕਵਿਡ ਜਾਂ ਟੀਕੇ ਦੀਆਂ ਕੀਮਤਾਂ ਵੀ ਇਸੇ ਦਾਇਰੇ 'ਚ ਹਨ।

NPPA ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਇਨ੍ਹਾਂ ਦਵਾਈਆਂ ਦੀ ਉਪਲੱਬਧਤਾ ਯਕੀਨੀ ਕਰਨ ਲਈ ਜਨਤਕ ਹਿੱਤ 'ਚ ਇਹ ਇਕ ਵਾਰ ਦਾ ਵਾਧਾ ਕੀਤਾ ਗਿਆ ਹੈ।