ਇੰਸਟਾਗ੍ਰਾਮ IGTV ਲਾਂਚ ਹੁੰਦੇ ਹੀ ਮਾਰਕ ਜ਼ੁਕਰਬਰਗ ਨੇ 1 ਦਿਨ ''ਚ ਕਮਾਏ 8,000 ਕਰੋੜ

06/22/2018 3:22:29 PM

ਜਲੰਧਰ— ਵੀਰਵਾਰ ਨੂੰ ਇੰਸਟਾਗ੍ਰਾਮ ਨੇ ਯੂਟਿਊਬ ਨੂੰ ਟੱਕਰ ਦੇਣ ਲਈ ਆਪਣੀ ਨਵੀਂ ਵੀਡੀਓ ਐਪ IGTV ਲਾਂਚ ਕੀਤੀ ਹੈ। ਇਸ ਟੀਵੀ ਰਾਹੀਂ ਹੁਣ ਤੁਸੀਂ 60 ਸੈਕਿੰਡ ਨਹੀਂ, ਸਗੋਂ 60 ਮਿੰਟ (1 ਘੰਟਾ) ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਸਕੋਗੇ। ਇੰਸਟਾਗ੍ਰਾਮ ਦੀ ਇਸ ਐਪ ਦੀ ਲਾਂਚਿੰਗ ਦੇ ਨਾਲ ਹੀ ਇਕ ਹੀ ਝਟਕੇ 'ਚ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀ ਜਾਇਦਾਦ 8,000 ਕਰੋੜ ਰੁਪਏ ਵਧ ਗਈ ਹੈ। ਦੱਸ ਦਈਏ ਕਿ ਫੋਟੋ ਸ਼ੇਅਰਿੰਗ ਸਾਈਟ/ਐਪ ਇੰਸਟਾਗ੍ਰਾਮ ਫੇਸਬੁੱਕ ਦੀ ਮਲਕੀਅਤ 'ਚ ਹੀ ਹੈ। 

 

 

ਦੁਨੀਆ ਭਰ ਦੇ ਅਰਬਪਤੀਆਂ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅਰਬਪਤੀ ਦੀ ਜਾਇਦਾਦ 'ਚ ਇਕ ਹੀ ਦਿਨ 'ਚ ਇੰਨਾ ਵਾਧਾ ਹੋਇਆ ਹੈ। ਦਰਅਸਲ, ਇੰਸਟਾਗ੍ਰਾਮ ਦੇ IGTV ਦੇ ਲਾਂਚਿੰਗ ਦੇ ਨਾਲ ਹੀ ਫੇਸਬੁੱਕ ਦੇ ਸ਼ੇਅਰ ਦੀਆਂ ਕੀਮਤਾਂ 'ਚ 2.3 ਫੀਸਦੀ ਦਾ ਵਾਧਾ ਹੋਇਆ ਹੈ ਜਿਸ ਕਾਰਨ ਮਾਰਕ ਜ਼ੁਕਰਬਰਗ ਨੂੰ 117 ਕਰੋੜ ਡਾਲਰ (ਕਰੀਬ 8,000 ਕਰੋੜ ਰੁਪਏ) ਦਾ ਫਾਇਦਾ ਹੋਇਆ ਹੈ। 
ਜ਼ਿਕਰਯੋਗ ਹੈ ਕਿ ਮਈ 2012 'ਚ ਫੇਸਬੁੱਕ ਨੇ ਜਦੋਂ ਆਪਣਾ ਆਈ.ਪੀ.ਓ. ਸ਼ੁਰੂ ਕੀਤਾ ਸੀ, ਉਸ ਸਮੇਂ ਵੀ ਫੇਸਬੁੱਕ ਦੇ ਸ਼ੇਅਰ 'ਚ 428 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਸੀ ਅਤੇ ਇਸ ਦਾ ਫਾਇਦਾ ਮਾਰਕ ਜ਼ੁਕਰਬਰਗ ਨੂੰ ਇਹ ਹੋਇਆ ਕਿ ਉਹ 77 ਬਿਲੀਅਨ ਡਾਲਰ ਦੇ ਨਾਲ ਅਮਰੀਕਾ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ। 

 

 

ਦੱਸ ਦਈਏ ਕਿ ਇੰਸਟਾਗ੍ਰਾਮ ਦੇ ਫਾਊਂਡਰ ਅਤੇ ਸੀ.ਈ.ਓ. ਕੇਵਿਨ ਸਿਸਟ੍ਰੋਮ ਵੀ ਇਕ ਅਰਬਪਤੀ ਹਨ ਜਿਨ੍ਹਾਂ ਦੀ ਜਾਇਦਾਦ 1.67 ਬਿਲੀਅਨ ਡਾਲਰ ਹੈ। ਫੇਸਬੁੱਕ ਨੇ 2012 'ਚ ਇੰਸਟਾਗ੍ਰਾਮ ਨੂੰ 1 ਬਿਲੀਅਨ ਡਾਲਰ 'ਚ ਖਰੀਦਿਆ ਸੀ, ਉਸ ਸਮੇਂ ਇੰਸਟਾਗ੍ਰਾਮ ਦੇ ਯੂਜ਼ਰਸ ਦੀ ਗਿਣਤੀ 30 ਮਿਲੀਅਨ ਸੀ ਜੋ ਹੁਣ 1 ਅਰਬ ਤੋਂ ਪਾਰ ਹੋ ਚੁੱਕੀ ਹੈ।