ਵੋਡਾ-ਆਈਡੀਆ ਰਲੇਵਾਂ, ਮੰਗਲਮ ਹੋਣਗੇ ਚੇਅਰਮੈਨ

03/23/2018 8:36:30 AM

ਨਵੀਂ ਦਿੱਲੀ— ਆਈਡੀਆ ਅਤੇ ਵੋਡਾਫੋਨ ਗਰੁੱਪ ਨੇ ਰਲੇਵੇਂ ਨਾਲ ਬਣਨ ਵਾਲੀ ਕੰਪਨੀ ਲਈ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਕੁਮਾਰ ਮੰਗਲਮ ਬਿਰਲਾ ਨਵੀਂ ਕੰਪਨੀ ਦੇ ਗੈਰ ਕਾਰਜਕਾਰੀ ਚੇਅਰਮੈਨ ਹੋਣਗੇ। ਬਾਲੇਸ਼ ਸ਼ਰਮਾ ਇਸ ਨਵੀਂ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਹੋਣਗੇ। ਇਸ ਰਲੇਵੇਂ ਦੇ ਬਾਅਦ ਗਾਹਕਾਂ ਦੀ ਗਿਣਤੀ ਅਤੇ ਰੈਵੇਨਿਊ ਬਾਜ਼ਾਰ ਹਿੱਸੇਦਾਰੀ ਦੇ ਲਿਹਾਜ ਨਾਲ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਮੌਜੂਦਗੀ 'ਚ ਆਵੇਗੀ। ਇਹ ਸਮਝੌਤਾ ਇਸ ਸਾਲ ਜੂਨ 'ਚ ਪੂਰਾ ਹੋਣ ਦੀ ਉਮੀਦ ਹੈ।

ਬਾਲੇਸ਼ ਸ਼ਰਮਾ ਫਿਲਹਾਲ ਵੋਡਾਫੋਨ ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ ਹਨ। ਉਹ ਕਾਰੋਬਾਰੀ ਰਣਨੀਤੀ ਦੇਖਣਗੇ। 35 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਇਹ ਕੰਪਨੀ 23 ਅਰਬ ਡਾਲਰ ਦੀ ਹੋਵੇਗੀ। ਆਈਡੀਆ ਨੇ ਸ਼ੇਅਰ ਬਾਜ਼ਾਰਾਂ ਨੂੰ ਸੂਚਤ ਕੀਤਾ ਹੈ ਕਿ ਬਾਲੇਸ਼ ਸ਼ਰਮਾ ਨਵੀਂ ਇਕਾਈ ਦੇ ਸੀ. ਈ. ਓ. ਯਾਨੀ ਮੁੱਖ ਕਾਰਜਕਾਰੀ ਹੋਣਗੇ। ਆਈਡੀਆ ਨੇ ਕਿਹਾ ਕਿ ਵੋਡਾਫੋਨ ਇੰਡੀਆ ਅਤੇ ਆਈਡੀਆ ਦੀਆਂ ਮੌਜੂਦਾ ਅਗਵਾਈ ਟੀਮਾਂ ਆਪਣੇ ਵੱਖ-ਵੱਖ ਕਾਰੋਬਾਰਾਂ ਦਾ ਪ੍ਰਬੰਧਨ ਜਾਰੀ ਰੱਖਣਗੀਆਂ। ਉੱਥੇ ਹੀ, ਆਈਡੀਆ ਦੇ ਮੁੱਖ ਵਿੱਤ ਅਧਿਕਾਰੀ ਅਕਸ਼ੈ ਮੂੰਦੜਾ ਨਵੀਂ ਕੰਪਨੀ ਦੇ ਸੀ. ਐੱਫ. ਓ. ਹੋਣਗੇ।