ਸੋਨੇ ਦੇ ਗਹਿਣਿਆਂ ''ਤੇ ਲਾਜ਼ਮੀ ਹਾਲਮਾਰਕਿੰਗ ਦੀਆਂ ਰੁਕਾਵਟਾਂ ਹੋਈਆਂ ਦੂਰ

11/08/2019 11:19:57 AM

ਨਵੀਂ ਦਿੱਲੀ — ਸੋਨੇ ਦੇ ਗਹਿਣਿਆਂ 'ਤੇ ਕੀਤੀ ਜਾਣ ਵਾਲੀ ਹਾਲਮਾਰਕਿੰਗ ਨੂੰ ਲਾਜ਼ਮੀ ਬਣਾਉਣ ਦੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਚੁੱਕੀਆਂ ਹਨ। WTO 'ਚ ਇਸ ਦੀ ਸੂਚਨਾ ਦਰਜ ਕਰਵਾਉਣ ਦੇ ਬਾਅਦ ਸਰਕਾਰ ਇਸ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਆਉਣ ਵਾਲੇ 2 ਮਹੀਨਿਆਂ ਅੰਦਰ ਆਈ.ਆਈ.ਟੀ. ਬੰਬਈ ਵਲੋਂ ਵਿਕਸਿਤ ਸਾਫਟਵੇਅਰ ਦੇ ਜ਼ਰੀਏ ਗਹਿਣਾ ਵਿਕਰੇਤਾ ਹਾਲਮਾਰਕਿੰਗ ਲਈ ਆਨਲਾਈ ਰਜਿਸਟ੍ਰੇਸ਼ਨ ਕਰਵਾ ਸਕਣਗੇ। ਸ਼ਹਿਰਾਂ ਦੇ ਨਾਲ ਛੋਟੇ ਕਸਬਿਆਂ ਅਤੇ ਹਰ ਜ਼ਿਲਾ ਮੁੱਖ ਦਫਤਰ 'ਤੇ ਹਾਲਮਾਰਕਿੰਗ ਦੇ ਟੈਸਟ ਸੈਂਟਰ ਸਥਾਪਤ ਕਰਨ ਦੀ ਯੋਜਨਾ ਹੈ। 

ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਅਤੇ ਭਾਰਤੀ ਮਿਆਰ ਬਿਉਰੋ(BIS) ਦੇ ਸਿਖਰ ਅਫਸਰਾਂ ਦੇ ਨਾਲ ਵੀਰਵਾਰ ਨੂੰ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੀ ਬੈਠਕ 'ਚ ਇਸ ਨੂੰ ਪੜਾਅ ਵਾਰ ਤਰੀਕੇ ਨਾਲ ਦੇਸ਼ ਭਰ 'ਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੋਨੇ ਦੇ ਗਹਿਣਿਆਂ 'ਤੇ ਮੌਜੂਦਾ ਸਮੇਂ 'ਚ ਹਾਲਮਾਰਕਿੰਗ ਸਵੈ-ਇੱਛਕ ਹੈ ਜਿਸ ਨੂੰ ਸਰਕਾਰ ਨੇ ਕਾਨੂੰਨੀ ਤੌਰ 'ਤੇ ਲਾਜ਼ਮੀ ਬਣਾਉਣ ਦਾ ਫੈਸਲਾ ਲਿਆ ਹੈ। ਇਸ ਲਈ ਹਰ ਤਰ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ 'ਤੇ ਕੰਮ ਕੀਤਾ ਜਾ ਰਿਹਾ ਹੈ।

ਪਾਸਵਾਨ ਨਾਲ ਮੰਤਰਾਲੇ ਦੇ ਅਫਸਰਾਂ ਦੀ ਬੈਠਕ 'ਚ ਇਹ ਤੈਅ ਕੀਤਾ ਗਿਆ ਹੈ ਕਿ ਅਗਲੇ ਦੋ ਮਹੀਨਿਆਂ ਦੇ ਅੰਦਰ ਦੇਸ਼ ਦੇ ਸਾਰੇ ਗਹਿਣਾ ਨਿਰਮਾਤਾਵਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਦੇ ਦਿੱਤੀ ਜਾਵੇਗੀ। ਰਾਸ਼ਟਰੀ ਪੱਧਰ 'ਤੇ ਇਸ ਨੂੰ ਲਾਗੂ ਕਰਨ ਲਈ ਭਾਰਤੀ ਮਿਆਰ ਬਿਉਰੋ ਨੂੰ ਕਿਹਾ ਗਿਆ ਹੈ ਕਿ ਉਹ ਦੋ ਹਫਤਿਆਂ ਅੰਦਰ ਕਾਰਜ ਯੋਜਨਾ ਪੇਸ਼ ਕਰੇ।

ਦੇਸ਼ 'ਚ ਤਿੰਨ ਲੱਖ ਰਜਿਸਟਰਡ ਗਹਿਣਾ ਵਿਕਰੇਤਾ

ਇੰਡੀਅਨ ਐਸੋਸੀਏਸ਼ਨ ਆਫ ਹਾਲਮਾਰਕਿੰਗ ਸੈਂਟਰ ਦੇ ਅਧਿਕਾਰੀ ਹਰਸ਼ਦ ਅਜਮੇਰਾ ਦਾ ਕਹਿਣਾ ਹੈ ਕਿ ਦੇਸ਼ 'ਚ ਕੁੱਲ ਤਿੰਨ ਲੱਖ ਰਜਿਸਟਰਡ ਗਹਿਣਾ ਵਿਕਰੇਤਾ ਹਨ। ਇਨ੍ਹਾਂ ਵਿਚੋਂ ਸਿਰਫ 10 ਫੀਸਦੀ ਯਾਨੀ ਕਿ ਸਿਰਫ 30 ਹਜ਼ਾਰ ਗਹਿਣਾ ਵਿਕਰੇਤਾਵਾਂ ਹੀ ਹਾਲਮਾਰਕਿੰਗ ਲਈ ਰਜਿਸਟਰਡ ਹਨ। ਇਸ ਤੋਂ ਸਾਫ ਹੈ ਕਿ ਬਾਕੀ ਦੇ ਵਿਕਰੇਤਾਵਾਂ ਦੇ ਸੋਨੇ ਦੇ ਗਹਿਣਿਆਂ ਤੇ ਲੱਗੀ ਹਾਲਮਾਰਕਿੰਗ ਸ਼ੱਕ ਦੇ ਘੇਰੇ 'ਚ ਹੈ। ਵਰਤਮਾਨ ਸਮੇਂ 'ਚ ਦੇਸ਼ ਦੇ ਵੱਡੇ ਸ਼ਹਿਰਾਂ 'ਚ ਕੁੱਲ 861 ਟੈਸਟ ਅਤੇ ਹਾਲਮਾਰਕਿੰਗ ਸੈਂਟਰ ਦੀ ਸਹੂਲਤ ਹੈ। ਲਾਜ਼ਮੀ ਹਾਲਮਾਰਕਿੰਗ ਦੀ ਵਿਵਸਥਾ ਤੋਂ ਪਹਿਲਾਂ ਵਿਸ਼ਵ ਵਪਾਰ ਸੰਗਠਨ(WTO) 'ਚ ਇਸ ਨੂੰ ਦਰਜ ਕਰਵਾਉਣਾ ਜ਼ਰੂਰੀ ਹੈ, ਜਿਸਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ।

ਦੇਸ਼ 'ਚ ਹਰ ਸਾਲ ਬਣਦੇ ਹਨ ਹਜ਼ਾਰ ਟਨ ਸੋਨੇ ਦੇ ਗਹਿਣੇ

ਅਜਮੇਰਾ ਮੁਤਾਬਕ ਦੇਸ਼ 'ਚ ਪਿਛਲੇ ਸਾਲ 4.49 ਕਰੋੜ ਨਗ ਗਹਿਣਿਆਂ 'ਤੇ ਹਾਲਮਾਰਕਿੰਗ ਕੀਤੀ ਗਈ, ਜਿਸ ਵਿਚੋਂ ਕੁੱਲ 450 ਟਨ ਸੋਨੇ ਦੀ ਖਪਤ ਹੋਈ। ਦੇਸ਼ 'ਚ ਸਾਲਾਨਾ 1000 ਤੋਂ 1200 ਟਨ ਸੋਨੇ ਦੇ ਗਹਿਣੇ ਬਣਦੇ ਹਨ। ਬਾਕੀ ਦੇ 50 ਫੀਸਦੀ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਅਤੇ ਭਾਰ ਦੇ ਨਾਲ-ਨਾਲ ਇਸ ਦੀ ਹਾਲਮਾਰਕਿੰਗ ਸ਼ੱਕੀ ਹੈ। ਉਪਭੋਗਤਾ ਦੇ ਹਿੱਤਾਂ ਨੂੰ ਦੇਖਦੇ ਹੋਏ ਲਾਜ਼ਮੀ ਹਾਲਮਾਰਕਿੰਗ 'ਤੇ ਜਲਦੀ ਅਮਲ ਕੀਤੇ ਜਾਣ ਦੀ ਜ਼ਰੂਰਤ ਹੈ।