ਨੀਤੀ ਆਯੋਗ ਬਣਾ ਰਿਹੈ ਨਿੱਜੀਕਰਨ ਲਈ ਖਸਤਾਹਾਲ ਕੰਪਨੀਆਂ ਦੀ ਨਵੀਂ ਸੂਚੀ

02/22/2018 1:06:49 AM

ਨਵੀਂ ਦਿੱਲੀ (ਭਾਸ਼ਾ)-ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤਾਭ ਕਾਂਤ ਨੇ ਕਿਹਾ ਕਿ ਖਸਤਾਹਾਲ ਸਰਕਾਰੀ ਕੰਪਨੀਆਂ ਦੀ ਇਕ ਹੋਰ ਸੂਚੀ ਤਿਆਰ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਨਿੱਜੀਕਰਨ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਨੀਤੀ ਆਯੋਗ ਨੂੰ ਖਸਤਾਹਾਲ ਸਰਕਾਰੀ ਕੰਪਨੀਆਂ ਦੀ ਵਿਵਹਾਰਕਤਾ ਪਰਖਣ ਨੂੰ ਕਿਹਾ ਸੀ। ਆਯੋਗ ਪਹਿਲਾਂ ਹੀ 40 ਖਸਤਾਹਾਲ ਜਨਤਕ ਕੰਪਨੀਆਂ 'ਚ ਸਿਆਸੀ ਨਿਵੇਸ਼ ਦੀ ਸਲਾਹ ਕੇਂਦਰ ਨੂੰ ਦੇ ਚੁੱਕਾ ਹੈ।
ਸਰਕਾਰ ਦਾ ਅਗਲੇ ਵਿੱਤੀ ਸਾਲ 'ਚ ਜਨਤਕ ਕੰਪਨੀਆਂ ਦੇ ਨਿਵੇਸ਼ ਤੋਂ 80 ਹਜ਼ਾਰ ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ, ਜਦਕਿ ਚਾਲੂ ਵਿੱਤੀ ਸਾਲ 'ਚ ਨਿਵੇਸ਼ ਨਾਲ 1 ਲੱਖ ਕਰੋੜ ਰੁਪਏ ਪ੍ਰਾਪਤ ਹੋਣ ਦਾ ਅੰਦਾਜ਼ਾ ਹੈ, ਜੋ ਬਜਟ ਅੰਦਾਜ਼ੇ ਤੋਂ ਜ਼ਿਆਦਾ ਹੈ। 2017-18 ਦੇ ਬਜਟ 'ਚ ਨਿਵੇਸ਼ ਤੋਂ 72,500 ਕਰੋੜ ਰੁਪਏ ਦੀ ਪ੍ਰਾਪਤੀ ਦਾ ਟੀਚਾ ਰੱਖਿਆ ਗਿਆ ਸੀ।

ਭਾਰਤ 'ਚ ਤੇਜ਼ੀ ਨਾਲ ਉੱਭਰ ਰਹੀਆਂ ਹਨ ਮਹਿਲਾ ਉੱਦਮੀਆਂ : ਨੀਤੀ ਆਯੋਗ 
ਭਾਰਤ 'ਚ ਜਨਤਕ ਅਤੇ ਨਿੱਜੀ ਖੇਤਰ 'ਚ ਮਹਿਲਾ ਉੱਦਮੀਆਂ ਕਾਫੀ ਤੇਜ਼ੀ ਨਾਲ ਵਧ ਰਹੀਆਂ ਹਨ। ਨੀਤੀ ਆਯੋਗ ਦੇ ਇਕ ਚੋਟੀ ਦੇ ਮੈਂਬਰ ਨੇ ਕੱਲ ਇਥੇ ਇਹ ਗੱਲ ਕਹੀ। ਆਯੋਗ ਦੀ ਮੈਂਬਰ ਅੱਨਾਰਾਏ ਨੇ ਫਿੱਕੀ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਮਹਿਲਾ ਉੱਦਮੀ ਜਨਤਕ ਅਤੇ ਨਿੱਜੀ ਦੋਵੇਂ ਹੀ ਖੇਤਰਾਂ 'ਚ ਤੇਜ਼ੀ ਨਾਲ ਅੱਗੇ ਆ ਰਹੀਆਂ ਹਨ।

ਉਨ੍ਹਾਂ ਕਿਹਾ ''ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਹਨ ਜਾਗਰੂਕਤਾ ਲਿਆਉਣਾ, ਮੌਜੂਦਾ ਮੁਹਿੰਮਾਂ 'ਚ ਪਾਰਦਰਸ਼ਿਤਾ ਲਿਆਉਣਾ, ਸਾਂਝੇਦਾਰੀ ਸੰਪਰਕ ਸਥਾਪਤ ਕਰਨਾ ਤੇ ਇਨ੍ਹਾਂ ਯਤਨਾਂ ਨੂੰ ਮਜ਼ਬੂਤ ਕਰ ਕੇ ਉਨ੍ਹਾਂ ਦਾ ਫਾਇਦਾ ਉਠਾਉਣਾ।'' ਉਨ੍ਹਾਂ ਕਿਹਾ ਕਿ ਮਹਿਲਾ ਉੱਦਮੀਆਂ ਦੇ ਤੇਜ਼ੀ ਨਾਲ ਵਧਦੇ ਸਮੂਹ ਦੇ ਮੱਦੇਨਜ਼ਰ ਨੀਤੀ ਆਯੋਗ ਵਿਸ਼ੇਸ਼ ਮਹਿਲਾ ਸੈੱਲ ਦੀ ਸ਼ੁਰੂਆਤ ਕਰੇਗਾ ਤਾਂ ਕਿ ਉਨ੍ਹਾਂ ਨੂੰ ਆਪਣੀਆਂ ਮੁਹਿੰਮਾਂ ਨੂੰ ਹੱਲਾਸ਼ੇਰੀ ਦੇਣ ਲਈ ਵੱਖ-ਵੱਖ ਹਿੱਤਧਾਰਕਾਂ ਨਾਲ ਜੁੜਨ ਦਾ ਮੰਚ ਮਿਲ ਸਕੇ। ਰਾਏ ਕਈ ਭਾਰਤੀ ਮਹਿਲਾ ਉੱਦਮੀਆਂ ਨਾਲ ਅਮਰੀਕਾ ਦੌਰੇ 'ਤੇ ਆਈ ਹੋਈ ਹੈ। ਇਹ ਦੌਰਾ ਪਿਛਲੇ ਸਾਲ ਨਵੰਬਰ 'ਚ ਹੈਦਰਾਬਾਦ 'ਚ ਆਯੋਜਿਤ ਕੌਮਾਂਤਰੀ ਉਦਮਿਤਾ ਸੰਮੇਲਨ ਦਾ ਨਤੀਜਾ ਹੈ।