ਕਿਸਾਨਾਂ ਲਈ ਮਹਿੰਦਰਾ ਇੱਥੇ ਬਣਾਏਗੀ K2 ਸੀਰੀਜ਼ ਦੇ ਨਵੇਂ ਟਰੈਕਟਰ

11/17/2020 6:34:22 PM

ਨਵੀਂ ਦਿੱਲੀ— ਮਹਿੰਦਰਾ ਕੇ-2 ਸੀਰੀਜ਼ ਦੇ ਨਵੇਂ ਟਰੈਕਟਰ ਬਣਾਉਣ ਜਾ ਰਹੀ ਹੈ। ਇਨ੍ਹਾਂ ਦਾ ਨਿਰਮਾਣ ਕੰਪਨੀ ਵੱਲੋਂ ਤੇਲੰਗਾਨਾ ਦੇ ਜ਼ਹੀਰਾਬਾਦ 'ਚ ਕੀਤਾ ਜਾਵੇਗਾ। ਇਸ ਲਈ ਕੰਪਨੀ 100 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰੇਗੀ ਅਤੇ 2024 ਤੱਕ ਇਸ ਪਲਾਂਟ 'ਚ ਮੁਲਾਜ਼ਮਾਂ ਦੀ ਗਿਣਤੀ ਵਧਾ ਕੇ ਵੀ ਦੁੱਗਣੀ ਕਰੇਗੀ। ਮਹਿੰਦਰਾ ਐਂਡ ਮਹਿੰਦਰਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਿੰਦਰਾ ਨੇ ਕਿਹਾ ਕਿ ਕੇ-2 ਸੀਰੀਜ਼ ਉਸ ਦਾ ਸਭ ਤੋਂ ਉਤਸ਼ਾਹੀ ਨਵਾਂ ਪ੍ਰੋਗਰਾਮ ਹੈ। ਇਹ ਟਰੈਕਟਰ ਵਜ਼ਨ 'ਚ ਹਲਕੇ ਹੋਣਗੇ।


ਕੰਪਨੀ ਦਾ ਕਹਿਣਾ ਹੈ ਕਿ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ਲਈ ਵੱਖ-ਵੱਖ ਹਾਰਸ ਪਾਵਰ (ਐੱਚ. ਪੀ.) ਦੇ 37 ਮਾਡਲਾਂ ਨੂੰ ਬਾਜ਼ਾਰ 'ਚ ਉਤਾਰੇਗੀ। ਕੌਮਾਂਤਰੀ ਬਾਜ਼ਾਰਾਂ 'ਚ ਇਨ੍ਹਾਂ ਦੀ ਬਰਾਮਦ ਅਮਰੀਕਾ, ਜਾਪਾਨ ਸਣੇ ਦੱਖਣੀ-ਪੂਰਬੀ ਏਸ਼ੀਆ ਦੇ ਮੁਲਕਾਂ ਨੂੰ ਕੀਤੀ ਜਾਵੇਗੀ।

ਕੰਪਨੀ ਨੇ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਨਵੀਂ ਟਰੈਕਟਰ ਸੀਰੀਜ਼ ਨੂੰ ਜਾਪਾਨ ਦੀ ਮਿਤਸੁਬੀਸ਼ੀ ਮਹਿੰਦਰਾ ਐਗਰੀਕਲਚਰਲ ਮਸ਼ੀਨਰੀ ਅਤੇ ਭਾਰਤ ਦੀ ਮਹਿੰਦਰਾ ਰਿਸਰਚ ਵੈਲੀ ਦੀਆਂ ਇੰਜੀਨੀਅਰਿੰਗ ਟੀਮਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਜਾ ਰਿਹਾ ਹੈ। ਮਹਿੰਦਰਾ ਨੇ ਕਿਹਾ ਕਿ ਨਵੀਂ ਸੀਰੀਜ਼ ਦੇ ਟਰੈਕਟਰ ਚਾਰ ਪਲੇਟਫਾਰਮਾਂ 'ਚ ਸਬ ਕੰਪੈਕਟ, ਕੰਪੈਕਟ, ਸਮਾਲ ਕੰਪੈਕਟ ਅਤੇ ਲਾਰਜ ਯੂਟਿਲਟੀ 'ਚ ਪੇਸ਼ ਕੀਤੇ ਜਾਣਗੇ।

ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਨਿਰਦੇਸ਼ਕ (ਵਾਹਨ ਤੇ ਖੇਤੀ ਸਾਜੋ-ਸਾਮਾਨ ਖੇਤਰ) ਰਾਜੇਸ਼ ਜੇਜੂਰੀਕਰ ਨੇ ਕਿਹਾ, ''ਸਾਡੇ ਜ਼ਹੀਰਾਬਾਦ ਪਲਾਂਟ ਨੂੰ ਤੇਲੰਗਾਨਾ ਸਰਕਾਰ ਨੇ ਹਮੇਸ਼ਾ ਸਮਰਥਨ ਦਿੱਤਾ ਹੈ। ਸਾਨੂੰ ਉਮੀਦ ਹੈ ਕਿ ਨਵੇਂ ਪ੍ਰਾਜੈਕਟ ਨਾਲ ਅਸੀਂ ਵੱਡੇ ਪੱਧਰ 'ਤੇ ਰੋਜ਼ਗਾਰ ਉਪਲਬਧ ਕਰਾਵਾਂਗੇ।'' ਮਹਿੰਦਰਾ ਨੇ ਜ਼ਹੀਰਾਬਾਦ ਪਲਾਂਟ 'ਚ 1,087 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਪਲਾਂਟ 'ਚ ਮੌਜੂਦਾ ਸਮੇਂ 1,500 ਕਰਮਚਾਰੀ ਕੰਮ ਕਰਦੇ ਹਨ। ਪਲਾਂਟ ਹਰ ਸਾਲ ਇਕ ਲੱਖ ਟਰੈਕਟਰ ਬਣਾਉਣ ਦੀ ਸਮਰੱਥਾ ਰੱਖਦਾ ਹੈ।

Sanjeev

This news is Content Editor Sanjeev