ਯੂਰਪ ’ਚ ਮੈਗਨੀਸ਼ੀਅਮ ਸੰਕਟ, ਚੀਨ ਨਾਲ ਹੋਵੇਗੀ ਗੱਲਬਾਤ

10/24/2021 12:49:41 PM

ਬੀਜਿੰਗ (ਟਾ. ਇੰਟ.) – ਯੂਰਪੀਨ ਯੂਨੀਅਨ ਦੇ ਆਗੂ ਅੱਜਕਲ ਮੈਗਨੀਸ਼ੀਅਮ ਦੇ ਕੌਮਾਂਤਰੀ ਸੰਕਟ ਕਾਰਨ ਚਿੰਤਤ ਹਨ। ਉਨ੍ਹਾਂ ਇਸ ਦੀ ਸਪਲਾਈ ਲਈ ਚੀਨ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਚੀਨ ਵਲੋਂ ਦੁਨੀਆ ਦੀ ਕੁੱਲ ਲੋੜ ਦਾ ਲਗਭਗ 95 ਫੀਸਦੀ ਮੈਗਨੀਸ਼ੀਅਮ ਸਪਲਾਈ ਕੀਤਾ ਜਾਂਦਾ ਹੈ। ਸਥਾਨਕ ਕੰਪਨੀਆਂ, ਜਿਨ੍ਹਾਂ ’ਚ ਨਾਰਵੇ ਦੀ ਨੌਰਸਕ ਹਾਈਡ੍ਰੋ ਕੰਪਨੀ ਵੀ ਸ਼ਾਮਲ ਹੈ, ਨੇ ਮੈਗਨੀਸ਼ੀਅਮ ਦੀ ਪੈਦਾਵਾਰ ਰੋਕ ਦਿੱਤੀ ਹੈ ਕਿਉਂਕਿ ਉਹ ਚੀਨ ਵਲੋਂ ਮਿਲਦੇ ਮੈਗਨੀਸ਼ੀਅਮ ਨਾਲ ਮੁਕਾਬਲਾ ਨਹੀਂ ਕਰ ਸਕਦੀ। ਚੀਨ ਵਲੋਂ ਲਿਆ ਜਾਂਦਾ ਮੈਗਨੀਸ਼ੀਅਮ ਤੁਲਨਾ ’ਚ ਸਸਤਾ ਪੈਂਦਾ ਹੈ।

ਕਿਉਂ ਪੈਦਾ ਹੋਇਆ ਸੰਕਟ

ਦੁਨੀਆ ’ਚ ਮੈਗਨੀਸ਼ੀਅਮ ਦਾ ਸੰਕਟ ਇਸ ਲਈ ਪੈਦਾ ਹੋ ਗਿਆ ਹੈ ਕਿਉਂਕਿ ਚੀਨ ਨੇ ਆਪਣੇ ਲਗਭਗ 35 ਮੈਗਨੀਸ਼ੀਅਮ ਪਲਾਂਟਾਂ ਨੂੰ ਇਸ ਸਾਲ ਦੇ ਅੰਤ ਤੱਕ ਸਪਲਾਈ ਨੂੰ ਸੀਮਤ ਕਰਨ ਲਈ ਕਿਹਾ ਹੈ। ਚੀਨ ’ਚ 50 ਦੇ ਲਗਭਗ ਅਜਿਹੇ ਪਲਾਂਟ ਹਨ। ਇਸ ਦਾ ਭਾਵ ਇਹ ਹੈ ਕਿ ਨਵੰਬਰ ਦੇ ਅੰਤ ਤੱਕ ਮੈਗਨੀਸ਼ੀਅਮ ਦਾ ਸੰਕਟ ਬਣਿਆ ਰਹੇਗਾ।

ਮੈਗਨੀਸ਼ੀਅਮ ਨੂੰ ਮੁੱਖ ਰੂਪ ’ਚ ਹਲਕੀਆਂ ਵਸਤਾਂ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਵੱਡੀ ਗਿਣਤੀ ’ਚ ਆਟੋ ਪਾਰਟਸ ਮੈਗਨੀਸ਼ੀਅਮ ਦੀ ਵਰਤੋਂ ਕਰ ਕੇ ਬਣਾਏ ਜਾਂਦੇ ਹਨ। ਸੀਟਾਂ ਦੇ ਫਰੇਮ ਅਤੇ ਮੋਟਰ ਗੱਡੀਆਂ ਦੇ ਫਿਊਲ ਟੈਂਕਾਂ ਦੇ ਕਵਰ ਵੀ ਮੈਗਨੀਸ਼ੀਅਮ ਅਤੇ ਐਲੂਮੀਨੀਅਮ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ।

ਜਰਮਨ ਦੀ ਚਾਂਸਲਰ ਨੇ ਬੈਠਕ ’ਚ ਉਠਾਇਆ ਮੁੱਦਾ

ਜਰਮਨ ਦੀ ਚਾਂਸਲਰ ਐਂਜੇਲਾ ਮਾਰਕਲ ਅਤੇ ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਅੰਦਰੇਜ, ਜਿਨ੍ਹਾਂ ਦੇ ਦੇਸ਼ ’ਚ ਆਟੋ ਨਾਲ ਸਬੰਧਤ ਵੱਖ-ਵੱਖ ਸਾਮਾਨ ਤਿਆਰ ਕੀਤਾ ਜਾਂਦਾ ਹੈ, ਨੇ ਇਹ ਮਾਮਲਾ ਇਕ ਦਿਨ ਪਹਿਲਾਂ ਯੂਰਪੀਨ ਯੂਨੀਅਨ ਦੇ ਆਗੂਆਂ ਦੀ ਬੈਠਕ ’ਚ ਉਠਾਇਆ ਸੀ। ਯੂਰਪੀਨ ਕਮਿਸ਼ਨ ਵਲੋਂ ਇਸ ਸਬੰਧੀ ਚੀਨ ਨਾਲ ਗੱਲਬਾਤ ਸ਼ੁਰੂ ਕੀਤੀ ਜਾਏਗੀ। ਕਮਿਸ਼ਨ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਚੀਨੀ ਹਮ ਅਹੁਦਿਆਂ ਨਾਲ ਇਹ ਮੁੱਦਾ ਉਠਾ ਰਹੇ ਹਾਂ ਤਾਂ ਜੋ ਮੈਗਨੀਸ਼ੀਅਮ ਦਾ ਸੰਕਟ ਦੂਰ ਕੀਤਾ ਜਾ ਸਕੇ।

ਅਸਲ ’ਚ ਮੈਗਨੀਸ਼ੀਅਮ ਨੂੰ ਸੰਭਾਲਣਾ ਬਹੁਤ ਔਖਾ ਕੰਮ ਹੈ। ਇਹ ਤਿੰਨ ਮਹੀਨਿਆਂ ਬਾਅਦ ਖਰਾਬ ਹੋਣ ਲਗਦਾ ਹੈ। ਜੇ ਚੀਨ ਨੇ ਅਗਲੇ ਕੁੱਝ ਹਫਤਿਆਂ ਅੰਦਰ ਇਸ ਦਾ ਉਤਪਾਦਨ ਸ਼ੁਰੂ ਨਾ ਕੀਤ ਤਾਂ ਸਮੁੱਚੀ ਦੁਨੀਆ ’ਚ ਮੈਗਨੀਸ਼ੀਅਮ ਦਾ ਗੰਭੀਰ ਸੰਕਟ ਪੈਦਾ ਹੋ ਜਾਵੇਗਾ।

ਲੱਖਾਂ ਲੋਕਾਂ ਦੀ ਨੌਕਰੀ ਨੂੰ ਖਤਰਾ

ਇਸ ਨਾਲ ਯੂਰਪ ’ਚ ਹਜ਼ਾਰਾਂ ਵਪਾਰੀਆਂ ਨੂੰ ਨੁਕਸਾਨ ਪੁੱਜੇਗਾ। ਲੱਖਾਂ ਲੋਕਾਂ ਦੀ ਨੌਕਰੀ ਵੀ ਜਾ ਸਕਦੀ ਹੈ। ਇਸ ਸਮੇਂ ਮੈਗਨੀਸ਼ੀਅਮ ਦੀ ਸਪਲਾਈ ਘੱਟ ਹੋਣ ਕਾਰਨ ਇਸ ਦੀਆਂ ਕੀਮਤਾਂ ਅਸਮਾਨ ਉੱਤੇ ਚੜ੍ਹੀਆਂ ਹੋਈਆਂ ਹਨ। ਇਸ ਸਮੇਂ ਇਸ ਦਾ ਰੇਟ 4700 ਅਮਰੀਕੀ ਡਾਲਰ ਹੈ। ਇਹ 2008 ਦੀ ਕੀਮਤ ਤੋਂ ਲਗਭਗ ਦੁੱਗਣਾ ਹੈ। ਯੂਰਪ ’ਚ ਇਸ ਸਮੇਂ ਪ੍ਰਤੀ ਟਨ ਮੈਗਨੀਸ਼ੀਅਮ ਦੀ ਕੀਮਤ 10000 ਤੋਂ 14000 ਡਾਲਰ ਪ੍ਰਤੀ ਟਨ ਹੈ। ਇਸ ਸਾਲ ਦੇ ਸ਼ੁਰੂ ’ਚ ਇਹ ਸਿਰਫ 2000 ਡਾਲਰ ਪ੍ਰਤੀ ਟਨ ਸੀ। ਮੈਗਨੀਸ਼ੀਅਮ ਦੇ ਸੰਕਟ ਦਾ ਅਸਰ ਉੱਤਰੀ ਅਮਰੀਕਾ, ਕੈਨੇਡਾ ਅਤੇ ਕੁੱਝ ਹੋਰਨਾਂ ਥਾਵਾਂ ’ਤੇ ਵੀ ਪਹੁੰਚ ਗਿਆ ਹੈ। ਕਈ ਇਲਾਕਿਆਂ ’ਚ ਤਾਂ ਮੈਗਨੀਸ਼ੀਅਮ ਬਿਲਕੁੱਲ ਖਤਮ ਹੋ ਗਿਆ ਹੈ।

Harinder Kaur

This news is Content Editor Harinder Kaur