ਇਸ ਤਰ੍ਹਾਂ ਕਰੋ ਰਸੋਈ ਗੈਸ ਦੇ ਰੇਟ ਆਨਲਾਈਨ ਪਤਾ, ਨਹੀਂ ਹੋਵੇਗਾ ਧੋਖਾ

10/20/2017 3:44:50 PM

ਨਵੀਂ ਦਿੱਲੀ— ਜੇਕਰ ਤੁਸੀਂ ਕਈ ਵਾਰ ਇਸ ਗੱਲ ਨੂੰ ਲੈ ਕੇ ਅਣਜਾਣ ਰਹਿੰਦੇ ਹੋ ਕਿ ਐੱਲ. ਪੀ. ਜੀ. ਯਾਨੀ ਰਸੋਈ ਗੈਸ ਦੀ ਸਹੀ ਕੀਮਤ ਕਿੰਨੀ ਹੈ, ਤਾਂ ਤੁਹਾਡੀ ਇਹ ਉਲਝਣ ਆਨਲਾਈਨ ਦੂਰ ਹੋ ਸਕਦੀ ਹੈ। ਇੰਨਾ ਹੀ ਨਹੀਂ ਤੁਸੀਂ ਆਨਲਾਈਨ ਹੀ ਸਿਲੰਡਰ ਬੁੱਕ ਕਰ ਸਕਦੇ ਹੋ ਅਤੇ ਉਸ ਦਾ ਭੁਗਤਾਨ ਵੀ, ਜਿਸ ਨਾਲ ਤੁਹਾਡਾ ਸਮਾਂ ਵੀ ਬਚ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨਾਲ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਕੀਮਤਾਂ ਵਧਦੀਆਂ ਜਾਂ ਘਟਦੀਆਂ ਹਨ ਤਾਂ ਉਨ੍ਹਾਂ ਨੂੰ ਸਹੀ ਕੀਮਤ ਦਾ ਪਤਾ ਨਹੀਂ ਲੱਗਦਾ ਅਤੇ ਜਦੋਂ ਉਹ ਸਿਲੰਡਰ ਕਿਸੇ ਕੋਲੋਂ ਮੰਗਵਾਉਂਦੇ ਹਨ ਤਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇੰਡੀਅਨ ਆਇਲ ਦੀ ਕੰਪਨੀ ਇੰਡੇਨ ਦੇ ਗਾਹਕ ਰਸੋਈ ਗੈਸ ਦੀ ਮੌਜੂਦਾ ਕੀਮਤ ਬਾਰੇ ਆਸਾਨੀ ਨਾਲ ਜਾਣ ਸਕਦੇ ਹਨ। ਆਓ ਜਾਣਦੇ ਹਾਂ ਕਿ ਇਸ ਵਾਸਤੇ ਕੀ ਕਰਨਾ ਹੋਵੇਗਾ

ਇੰਡੇਨ ਗੈਸ ਦੀਆਂ ਕੀਮਤਾਂ ਆਨਲਾਈਨ ਜਾਣਨ ਲਈ ਤੁਹਾਨੂੰ ਇਸ ਦੀ ਅਧਿਕਾਰਤ ਵੈੱਬਸਾਈਟ https://indane.co.in/ 'ਤੇ ਕਲਿੱਕ ਕਰਨਾ ਹੋਵੇਗਾ। ਇਸ 'ਤੇ ਤੁਹਾਨੂੰ ਕੁਝ ਚੱਲਦੇ ਹੋਏ ਆਈਕਨ ਨਜ਼ਰ ਆਉਣਗੇ, ਜਿਨ੍ਹਾਂ 'ਚ ਗੁਲਾਬੀ ਰੰਗ ਦਾ ਇਕ ਆਈਕਨ ਹੋਵੇਗਾ ਜਿਸ 'ਤੇ 'ਟੈਰਿਫ ਪ੍ਰਾਈਸ' ਲਿਖਿਆ ਹੋਵੇਗਾ। ਇਸ ਆਈਕਨ 'ਤੇ ਕਲਿੱਕ ਕਰਦੇ ਹੀ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ, ਜਿਸ 'ਤੇ ਨਵੇਂ ਕੁਨੈਕਸ਼ਨ ਦੀ ਕੀਮਤ, 'ਪ੍ਰਾਡਕਟ ਪ੍ਰਾਈਸ' ਆਦਿ ਲਿਖਿਆ ਹੋਵੇਗਾ। ਹੁਣ ਤੁਹਾਨੂੰ ਇਸ ਪੇਜ 'ਤੇ ਸਿਲੰਡਰ ਦੀ ਫੋਟੋ ਵਾਲੇ ਲਿੰਕ 'ਪ੍ਰਾਡਕਟ ਪ੍ਰਾਈਸ' 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਜਿਹੜਾ ਪੇਜ ਖੁੱਲ੍ਹੇਗਾ ਉਸ 'ਚ ਤੁਸੀਂ ਆਪਣੇ ਸ਼ਹਿਰ ਦਾ ਨਾਮ ਭਰ ਕੇ ਰਸੋਈ ਗੈਸ ਦੀ ਕੀਮਤ ਜਾਣ ਸਕਦੇ ਹੋ। ਇੱਥੇ ਤੁਹਾਨੂੰ ਸਬਸਿਡੀ ਅਤੇ ਗੈਰ-ਸਬਸਿਡੀ ਦੇ ਨਾਲ ਵਪਾਰਕ ਸਿਲੰਡਰ ਦੀ ਕੀਮਤ ਵੀ ਪਤਾ ਲੱਗ ਸਕਦੀ ਹੈ।
ਉੱਥੇ ਹੀ ਤੁਸੀਂ ਇਸ ਵੈੱਬਸਾਈਟ 'ਤੇ ਕਸਟਮਰ ਕੇਅਰ ਦੇ ਬਦਲ 'ਤੇ ਕਲਿੱਕ ਕਰਕੇ ਆਪਣੇ 'ਡਿਸਟ੍ਰੀਬਿਊਟਰ' ਨੂੰ ਫੋਨ ਕਰਕੇ ਵੀ ਕੀਮਤਾਂ ਬਾਰੇ ਜਾਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੰਡੇਨ ਦੀ ਐਪ ਆਪਣੇ ਮੋਬਾਇਲ 'ਚ ਡਾਊਨਲੋਡ ਕਰ ਸਕਦੇ ਹੋ। ਇਸ ਐਪ 'ਤੇ ਰਜਿਸਟਰ ਕਰਨ ਲਈ ਤੁਹਾਨੂੰ 'ਸਾਈਨ ਅਪ' ਕਰਨਾ ਹੋਵੇਗਾ, ਜਿਸ 'ਚ ਤੁਹਾਨੂੰ ਕੋਈ ਨਾਮ, ਐੱਲ. ਪੀ. ਜੀ.- ਆਈ. ਡੀ., ਕੰਜ਼ਿਊਮਰ ਨੰਬਰ ਅਤੇ ਆਧਾਰ ਨੰਬਰ ਦੇ ਨਾਲ ਹੋਰ ਇਕ ਪਛਾਣ ਸਬੂਤ ਦਾ ਨੰਬਰ ਭਰਨਾ ਹੋਵੇਗਾ। ਇਸ 'ਚ ਜਿਹੜੀ ਈ-ਮੇਲ ਆਈ. ਡੀ. ਤੁਸੀਂ ਭਰੋਗੇ ਉਸ 'ਤੇ ਤੁਹਾਨੂੰ ਲਾਗ ਇਨ ਦੀ ਜਾਣਕਾਰੀ ਮਿਲ ਜਾਵੇਗੀ। ਜੇਕਰ ਤੁਹਾਨੂੰ 'ਸਾਈਨ ਅਪ' 'ਚ ਕੋਈ ਪ੍ਰੇਸ਼ਾਨੀ ਹੋਵੇ ਤਾਂ ਤੁਸੀਂ ਇੰਡੇਨ ਦੇ ਅਧਿਕਾਰੀ ਨਾਲ ਗੱਲ ਕਰਨ ਲਈ ਇਸ ਨੰਬਰ 1800-233-3555  'ਤੇ ਕਾਲ ਕਰ ਸਕਦੇ ਹੋ।