ਸੈਂਸੈਕਸ ਨੂੰ ਦੇਖ ਸੰਕਟ ਖ਼ਤਮ ਲੱਗਦੈ ਪਰ ਇਹ ਅਜੇ ਸ਼ੁਰੂ ਹੋਇਆ ਹੈ : ਰਾਜਨ

01/14/2021 9:01:40 PM

ਨਵੀਂ ਦਿੱਲੀ- ਵਿੱਤੀ ਸਾਲ 2020-21 ਦੀ ਦੂਜੀ ਤਿਮਾਹੀ ਵਿਚ ਜੀ. ਡੀ. ਪੀ. ਵਿਚ ਗਿਰਾਵਟ ਘੱਟ ਕੇ 7.5 ਫ਼ੀਸਦੀ ਰਹਿ ਜਾਣ ਨਾਲ ਬਹੁਤ ਸਾਰੇ ਅਰਥਸ਼ਾਸਤਰੀ ਭਾਰਤੀ ਅਰਥਵਿਵਸਥਾ ਦੇ ਜਲਦ ਪਟੜੀ 'ਤੇ ਪਰਤਣ ਨੂੰ ਲੈ ਕੇ ਆਸਵੰਦ ਹਨ। ਇਸ ਵਿਚਕਾਰ ਸਾਬਕਾ ਰਿਜ਼ਰਵ ਬੈਂਕ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਦੀ ਰਫ਼ਤਾਰ ਨਾਲ ਵਧਣ ਵਿਚ ਸਮਾਂ ਲੱਗੇਗਾ। ਇਕ ਚੈਨਲ ਨੂੰ ਇੰਟਰਵਿਊ ਵਿਚ ਉਨ੍ਹਾਂ ਕਿਹਾ, ''ਸੈਂਸੈਕਸ ਨੂੰ ਦੇਖ ਕੇ ਲੱਗਦਾ ਹੈ ਕਿ ਮੁਸ਼ਕਲਾਂ ਖ਼ਤਮ ਹੋ ਗਈਆਂ ਹਨ ਪਰ ਨਹੀਂ ਇਹ ਅਜੇ ਸ਼ੁਰੂ ਹੋਈਆਂ ਹਨ।"

ਉਨ੍ਹਾਂ ਕਿਹਾ ਕਿ ਅਮਰੀਕਾ ਲਈ, ਲੋਕ ਕਹਿੰਦੇ ਹਨ ਕਿ ਅਸੀਂ ਇਸ ਸਾਲ ਦੂਜੀ ਤਿਮਾਹੀ ਵਿਚ ਵਾਪਸ ਆ ਜਾਵਾਂਗੇ। ਮੇਰਾ ਭਾਰਤ ਲਈ ਅਨੁਮਾਨ ਹੈ ਕਿ ਅਸੀਂ ਸ਼ਾਇਦ 2022 ਤੋਂ ਪਹਿਲਾਂ ਵਾਪਸੀ ਨਹੀਂ ਕਰ ਸਕਾਂਗੇ ਜਿੱਥੇ ਮਹਾਮਾਰੀ ਤੋਂ ਪਹਿਲਾਂ ਸੀ। ਇਸ ਤੋਂ ਪਹਿਲਾਂ 4-5 ਫ਼ੀਸਦੀ ਨਾਲ ਵੱਧ ਰਹੇ ਸੀ।

ਉੱਥੇ ਹੀ, 1 ਫਰਵਰੀ ਨੂੰ ਪੇਸ਼ ਹੋਣ ਜਾ ਰਹੇ ਬਜਟ ਨੂੰ ਲੈ ਕੇ ਰਾਜਨ ਨੇ ਕਿਹਾ ਕਿ ਸਰਕਾਰ ਨੂੰ ਖ਼ਰਚ ਕਰਨ 'ਤੇ ਜ਼ੋਰ ਦੇਣਾ ਹੋਵੇਗਾ, ਨਾਲ ਹੀ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੋਵੇਗੀ ਕਿ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਖ਼ਰਚ ਕਿੱਥੇ ਕੀਤਾ ਜਾਵੇ। ਉਨ੍ਹਾਂ ਸਲਾਹ ਦਿੱਤੀ ਕਿ ਸਰਕਾਰ ਨੂੰ ਗਰੀਬ ਲੋਕਾਂ ਅਤੇ ਛੋਟੇ ਕਾਰੋਬਾਰਾਂ ਲਈ ਰਾਹਤ ਦੀ ਰਣਨੀਤੀ 'ਤੇ ਗੌਰ ਕਰਨਾ ਚਾਹੀਦਾ ਹੈ। 

ਰਾਜਨ ਨੇ ਕਿਹਾ ਕਿ ਇਸ ਬਜਟ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਕਿਸ ਨੂੰ ਸਭ ਤੋਂ ਜ਼ਿਆਦਾ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆਰਥਿਕ ਸੁਧਾਰ ਦੀ ਦਿਸ਼ਾ ਵਿਚ ਸਰਕਾਰ ਨੂੰ ਸੂਬਾ ਸਰਕਾਰਾਂ ਜ਼ਰੀਏ ਇੰਫਰਾਸਟ੍ਰਕਚਰ 'ਤੇ ਖ਼ਰਚ ਕਰਨਾ ਚਾਹੀਦਾ ਹੈ ਅਤੇ ਇਸ ਲਈ ਫੰਡ ਦੀ ਵਿਵਸਥਾ ਸ਼ੇਅਰਾਂ ਦੀ ਵਿਕਰੀ ਜ਼ਰੀਏ ਅਤੇ ਹੋਰ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਕੁਝ ਸੁਧਾਰਾਂ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਨੂੰ ਬਹੁਤ ਜ਼ਿਆਦਾ ਦੀ ਜ਼ਰੂਰਤ ਹੈ ਕਿਉਂਕਿ ਸਾਡੀ ਵਿਕਾਸ ਦਰ ਮਹਾਮਾਰੀ ਤੋਂ ਪਹਿਲਾਂ ਹੀ ਡਿੱਗ ਰਹੀ ਸੀ ਅਤੇ ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਸਾਡੀ ਵਿਕਾਸ ਦਰ ਕਾਫ਼ੀ ਹੈ ਨਾ ਸਿਰਫ ਇਸ ਲਈ ਕਿ ਜੋ ਨੁਕਸਾਨ ਹੋ ਚੁੱਕਾ ਉਸ ਨੂੰ ਠੀਕ ਕਰਨ ਲਈ ਸਗੋਂ ਉਨ੍ਹਾਂ ਲੱਖਾਂ ਲੋਕਾਂ ਲਈ ਨੌਕਰੀਆਂ ਪੈਦਾ ਕਰਨ ਲਈ ਜੋ ਲੇਬਰ ਫੋਰਸ ਵਿਚ ਸ਼ਾਮਲ ਹੋ ਰਹੇ ਹਨ।

Sanjeev

This news is Content Editor Sanjeev