ਲੋਢਾ ਦਾ 2,500 ਕਰੋੜ ਦਾ IPO ਇਸ ਦਿਨ ਹੋਵੇਗਾ ਲਾਂਚ, ਕਮਾਈ ਦਾ ਮੌਕਾ!

04/01/2021 4:46:16 PM

ਨਵੀਂ ਦਿੱਲੀ- ਭਾਰਤ ਦੇ ਦਿੱਗਜ ਰੀਅਲ ਅਸਟੇਟ ਡਿਵੈੱਲਪਰਜ਼ ਵਿਚੋਂ ਇਕ ਮੈਕ੍ਰੋਟੈਕ ਡਿਵੈੱਲਪਰਜ਼ ਲਿਮਿਟਡ ਜਿਸ ਨੂੰ ਲੋਢਾ ਡਿਵੈੱਲਪਰਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਕ ਵਾਰ ਫਿਰ ਸਟਾਕ ਮਾਰਕੀਟ ਵਿਚ ਲਿਸਟ ਹੋਣ ਦੀ ਤਿਆਰੀ ਵਿਚ ਹੈ। ਖ਼ਬਰਾਂ ਹਨ ਕਿ ਕੰਪਨੀ 2,500 ਕਰੋੜ ਰੁਪਏ ਜੁਟਾਉਣ ਲਈ ਆਪਣਾ ਆਈ. ਪੀ. ਓ. 7 ਅਪ੍ਰੈਲ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਹੈ।

ਲੋਢਾ ਡਿਵੈੱਲਪਰਜ਼ ਨੂੰ ਸ਼ੇਅਰ ਵਿਕਰੀ ਲਈ ਬਾਜ਼ਾਰ ਰੈਗੂਲੇਟਰ ਤੋਂ ਅੰਤਿਮ ਮਨਜ਼ੂਰੀ ਮਿਲ ਗਈ ਹੈ ਅਤੇ ਕੰਪਨੀ ਨੇ ਬੁੱਧਵਾਰ ਕੰਪਨੀ ਰਜਿਸਟਰਾਰ ਕੋਲ ਰੇਡ ਹੈਰਿੰਗ ਪ੍ਰਾਸਪੈਕਟਸ ਦਾਖਲ ਕੀਤਾ ਹੈ। ਰਿਪੋਰਟ ਮੁਤਾਬਕ, ਸੂਤਰਾਂ ਨੇ ਕਿਹਾ ਕਿ ਇਹ ਆਈ. ਪੀ. ਓ. 7 ਅਪ੍ਰੈਲ ਨੂੰ ਗਾਹਕੀ ਲਈ ਖੁੱਲ੍ਹੇਗਾ ਤੇ 9 ਅਪ੍ਰੈਲ ਨੂੰ ਬੰਦ ਹੋਵੇਗਾ।

ਇਹ ਵੀ ਪੜ੍ਹੋ- ਪੀ. ਪੀ. ਐੱਫ. ਸਣੇ ਡਾਕਘਰ ਸਕੀਮਾਂ 'ਤੇ ਸਰਕਾਰ ਦੀ ਆਮ ਲੋਕਾਂ ਨੂੰ ਵੱਡੀ ਰਾਹਤ

ਲੋਢਾ ਗਰੁੱਪ ਘਰਾਂ ਦੀ ਵਿਕਰੀ ਵਿਚ ਆਈ ਤੇਜ਼ੀ ਤੇ ਨਿਵੇਸ਼ਕਾਂ ਦੇ ਹਾਂ-ਪੱਖੀ ਰੁਝਾਨ ਨੂੰ ਦੇਖਦੇ ਹੋਏ ਆਈ. ਪੀ. ਓ. ਲਾਂਚ ਕਰਨ ਜਾ ਰਿਹਾ ਹੈ। ਮੁੰਬਈ ਦੀ ਇਸ ਰੀਅਲ ਅਸਟੇਟ ਫਰਮ ਦੀ ਆਈ. ਪੀ. ਓ. ਲਿਆਉਣ ਦੀ ਤੀਜੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸਾਲ 2009 ਤੇ 2018 ਵਿਚ ਆਈ. ਪੀ. ਓ. ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਜ਼ਾਰ ਦੇ ਕਮਜ਼ੋਰ ਰੁਖ਼ ਕਾਰਨ ਕੰਪਨੀ ਨੇ ਕਦਮ ਪਿੱਛੇ ਖਿੱਚ ਲਏ ਸਨ। ਹੁਣ ਬਾਜ਼ਾਰ ਦੀ ਬਿਹਤਰ ਧਾਰਨਾ ਨੂੰ ਦੇਖਦੇ ਹੋਏ ਕੰਪਨੀ ਬਾਜ਼ਾਰ ਵਿਚ ਉਤਰਨ ਦੀ ਤਿਆਰੀ ਵਿਚ ਹੈ।

ਕੀ ਕਰਦੀ ਹੈ ਕੰਪਨੀ-
ਲੋਢਾ ਗਰੁੱਪ ਨੂੰ ਮੁੰਬਈ ਵਿਚ ਟਰੰਪ ਟਾਵਰਸ ਅਤੇ ਲੰਡਨ ਵਿਚ ਗ੍ਰੋਸੇਵਨਰ ਸੁਕਾਇਰ ਵਰਗੇ ਲਗਜ਼ਰੀ ਪ੍ਰਾਜੈਕਟਸ ਲਈ ਜਾਣਿਆ ਜਾਂਦਾ ਹੈ। ਇਸ ਆਈ. ਪੀ. ਓ. ਲਈ ਮੈਕ੍ਰੋਟੈਕ ਡਿਵੈੱਲਪਰਜ਼ ਨੇ ਐਕਸਿਸ ਕੈਪੀਟਲ ਤੇ ਜੇ. ਪੀ. ਮਾਰਗਨ ਵਰਗੇ ਨਿਵੇਸ਼ਕ ਬੈਂਕਾਂ ਨੂੰ ਸਲਾਹਕਾਰ ਦੇ ਤੌਰ 'ਤੇ ਨਿਯੁਕਤ ਕੀਤਾ ਹੈ। 

ਇਹ ਵੀ ਪੜ੍ਹੋ- NRIs ਨੂੰ ਇਸ ਸਾਲ ਡਾਲਰ ਕਰਾ ਸਕਦੈ ਮੋਟੀ ਕਮਾਈ, 76 ਰੁ: ਤੋਂ ਹੋ ਸਕਦੈ ਪਾਰ

ਡੀ. ਆਰ. ਐੱਚ. ਪੀ. ਅਨੁਸਾਰ ਕੰਪਨੀ ਆਈ. ਪੀ. ਓ. ਜ਼ਰੀਏ ਜੁਟਾਏ 1,500 ਕਰੋੜ ਰੁਪਏ ਦੀ ਵਰਤੋਂ ਆਪਣੀ ਅਤੇ ਸਹਿਯੋਗੀ ਕੰਪਨੀਆਂ ਦਾ ਕਰਜ਼ ਉਤਾਰਨ ਵਿਚ ਕਰੇਗੀ। ਦਸੰਬਰ 2020 ਤੱਕ ਕੰਪਨੀ 'ਤੇ 18,662.19 ਕਰੋੜ ਰੁਪਏ ਦਾ ਕੁੱਲ ਕਰਜ਼ ਰਿਹਾ। ਇਸ ਤੋਂ ਇਲਾਵਾ ਦਸੰਬਰ ਤਿਮਾਹੀ ਵਿਚ ਕੰਪਨੀ ਦਾ ਕੁੱਲ ਮਾਲੀਆ 3,160.49 ਕਰੋੜ ਰੁਪਏ ਸੀ, ਜਦੋਂ ਕਿ ਕੰਪਨੀ ਨੂੰ 264.30 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਗੌਰਤਲਬ ਹੈ ਕਿ ਹਾਲ ਵਿਚ ਕੁਝ ਆਈ. ਪੀ. ਓ. ਨੁਕਸਾਨ ਵਿਚ ਲਿਸਟ ਹੋਏ ਹਨ।

►ਹਾਲ ਵਿਚ ਲਾਂਚ ਹੋਏ ਆਈ. ਪੀ. ਓ. ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev