ਲਾਕਡਾਉਨ ਨੇ ਵਿਗਾੜਿਆ ਰਸੋਈ ਦਾ ਬਜਟ, ਮਹਿੰਗੀ ਹੋਈ ਦਾਲ ਅਤੇ ਸਬਜ਼ੀ

04/30/2020 4:01:19 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਸੰਕਰਮਨ ਨੂੰ ਰੋਕਣ ਲਈ ਦੇਸ਼ ਦੇ ਲਗਭਗ ਹਰ ਸੂਬੇ ਵਿਚ ਲਾਕਡਾਊਨ ਲਾਗੂ ਹੈ। ਅਜਿਹੇ 'ਚ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਆਮ ਆਦਮੀ ਸਾਹਮਣੇ ਇਕ ਹੋਰ ਮੁਸੀਬਤ ਆ ਕੇ ਖੜੀ ਹੋ ਗਈ ਹੈ। ਹੁਣ ਚਾਵਲ, ਦਾਲ ਅਤੇ ਕਣਕ ਵਰਗੇ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਭੋਜਨ ਪਦਾਰਥਾਂ ਦੀਆਂ ਕੀਮਤਾਂ ਫਿਰ ਤੋਂ ਵਧ ਗਈਆਂ ਹਨ ਜਿਸ ਕਾਰਨ ਆਮ ਲੋਕਾਂ ਦੀ ਚਿੰਤਾ ਵਧ ਗਈ ਹੈ।

ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਮੁਤਾਬਕ ਦਿੱਲੀ ਵਿਚ ਅਰਹਰ ਦੀ ਦਾਲ ਦੀ ਕੀਮਤ ਲਾਕਡਾਉਨ ਤੋਂ ਪਹਿਲਾਂ 93 ਰੁਪਏ ਪ੍ਰਤੀ ਕਿਲੋ ਸੀ, ਜਿਹੜੀ ਕਿ ਹੁਣ 106 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕ ਰਹੀ ਹੈ। ਛੋਲਿਆਂ ਦੀ ਦਾਲ ਦੀ ਕੀਮਤ 72 ਕਿਲੋ ਤੋਂ ਵਧ ਕੇ 86 ਰੁਪਏ, ਮਸਰਾਂ ਦੀ ਦਾਲ 71 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 81 ਰੁਪਏ ਕਿਲੋ, ਸਰੋਂ ਦੇ ਤੇਲ ਦੀ ਕੀਮਤ 124 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 132 ਰੁਪਏ ਅਤੇ ਸੋਇਆ ਤੇਲ ਦੀ ਕੀਮਤ 111 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 121 ਰੁਪਏ ਹੋ ਗਈ ਹੈ। 28 ਦਿਨਾਂ ਦੌਰਾਨ ਕਈ ਦਾਲਾਂ ਦੀਆਂ ਕੀਮਤਾਂ ਲਾਕਡਾਉਨ ਤੋਂ ਪਹਿਲੇ ਮਹੀਨੇ ਦੇ ਮੁਕਾਬਲੇ ਔਸਤਨ ਲਗਭਗ 6 ਫੀਸਦੀ ਵਧ ਗਈ ਹੈ।

ਦੂਜੇ ਪਾਸੇ ਜੇਕਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਆਲੂ ਦੀ ਕੀਮਤ 15 ਫੀਸਦੀ ਅਤੇ ਟਮਾਟਰ ਦੀ 28 ਫੀਸਦੀ ਕੀਮਤ ਵਧੀ ਹੈ। ਇਨੈਂਸ਼ਿਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਜ਼ਰੂਰੀ ਵਸਤੂਆਂ ਦੀ ਖਰੀਦ ਅਤੇ ਟਰਾਂਸਪੋਰਟੇਸ਼ਨ ਨੂੰ ਲਾਕਡਾਉਨ ਤੋਂ ਛੋਟ ਦੇ ਦਿਸ਼ਾ-ਨਿਰਦੇਸ਼ਾਂ ਬਾਵਜੂਦ ਲੌੜੀਂਦੀ ਛੋਟ ਨਹੀਂ ਮਿਲ ਸਕੀ।

IGIDR ਦੀ ਰਿਪੋਰਟ ਮੁਤਾਬਕ ਲਾਕਡਾਉਨ ਵਿਚ 11159 ਵਰਕਰਾਂ ਵਿਚੋਂ  ਲਗਭਗ 96 ਫੀਸਦੀ ਨੂੰ ਸਰਕਾਰ ਤੋਂ ਰਾਸ਼ਨ ਨਹੀਂ ਮਿਲਿਆ ਹੈ। 72 ਫੀਸਦੀ ਦਾ ਕਹਿਣਾ ਹੈ ਕਿ ਰਾਸ਼ਨ ਤਾਂ ਦੋ ਦਿਨਾਂ ਵਿਚ ਹੀ ਖਤਮ ਹੋ ਗਿਆ ਅਤੇ 90 ਫੀਸਦੀ ਦਾ ਕਹਿਣਾ ਹੈ ਕਿ ਤਨਖਾਹ/ਮਜ਼ਦੂਰੀ ਹੀ ਨਹੀਂ ਮਿਲੀ।

Harinder Kaur

This news is Content Editor Harinder Kaur