EMI ਦਾ ਵਧਣ ਜਾ ਰਿਹੈ ਬੋਝ, ਸੋਮਵਾਰ ਨੂੰ ਖ਼ਤਮ ਹੋ ਜਾਏਗੀ ਇਹ ਰਾਹਤ

08/29/2020 2:36:52 PM

ਨਵੀਂ ਦਿੱਲੀ—  ਕੋਰੋਨਾ ਸੰਕਟ ਕਾਰਨ ਤਨਖ਼ਾਹ 'ਚ ਕਟੌਤੀ ਅਤੇ ਨੌਕਰੀ ਗੁਆਉਣ ਵਾਲੇ ਮਿਡਲ ਵਰਗ ਲਈ ਇਕ ਹੋਰ ਵੱਡਾ ਝਟਕਾ ਹੈ।

ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਦੌਰਾਨ ਲੋਕਾਂ ਦੀ ਆਰਥਿਕ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਰਿਜ਼ਰਵ ਬੈਂਕ ਨੇ ਕਰਜ਼ਦਾਰਾਂ ਨੂੰ ਮਹੀਨਾਵਾਰ ਕਿਸ਼ਤਾਂ ਯਾਨੀ ਈ. ਐੱਮ. ਆਈ. ਦੇ ਭੁਗਤਾਨ ਲਈ ਕੁਝ ਸਮੇਂ ਤੱਕ ਦੀ ਰਾਹਤ ਦਿੱਤੀ ਸੀ। ਇਹ ਰਾਹਤ 31 ਅਗਸਤ ਨੂੰ ਖ਼ਤਮ ਹੋਣ ਵਾਲੀ ਹੈ ਅਤੇ ਇਸ ਤੋਂ ਬਾਅਦ ਯਾਨੀ 1 ਸਤੰਬਰ ਤੋਂ ਸਾਰਿਆਂ ਨੂੰ ਪਹਿਲਾਂ ਵਾਂਗ ਆਪਣਾ ਕਰਜ਼ਾ ਚੁਕਾਉਣਾ ਹੋਵੇਗਾ। ਬੈਂਕਿੰਗ ਖੇਤਰ ਇਸ ਰਾਹਤ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ।

ਹਾਲਾਂਕਿ, ਆਰ. ਬੀ. ਆਈ. ਨੇ ਕਰਜ਼ਦਾਰਾਂ ਲਈ ਕਰਜ਼ ਪੁਨਰਗਠਨ ਸਕੀਮ ਦਾ ਐਲਾਨ ਕੀਤਾ ਹੈ, ਇਹ ਵਨ-ਟਾਈਮ ਰੀ-ਸਟ੍ਰਕਚਰਿੰਗ ਹੋਵੇਗੀ। ਇਸ ਤਹਿਤ ਅਜੇ ਤੱਕ ਕਰਜ਼ ਦੀਆਂ ਕਿਸ਼ਤਾਂ ਨਾ ਚੁਕਾਉਣ ਵਾਲੇ ਕਰਜ਼ਦਾਰਾਂ ਦੇ ਖਾਤੇ ਨੂੰ ਐੱਨ. ਪੀ. ਏ. 'ਚ ਨਹੀਂ ਬਦਲਿਆ ਜਾਵੇਗਾ, ਜੇਕਰ ਉਹ ਨਿਸ਼ਚਿਤ ਸਮੇਂ 'ਚ ਇਹ ਚੁਕਾ ਦਿੰਦੇ ਹਨ।


ਇਸ ਤਹਿਤ ਕਰਜ਼ਦਾਰ ਆਪਣੇ ਬੈਂਕ ਨਾਲ ਗੱਲ ਕਰਕੇ ਕਰਜ਼ ਦੀ ਈ. ਐੱਮ. ਆਈ. ਨੂੰ ਰੀ-ਸ਼ਡਿਊਲ ਕਰ ਸਕਦੇ ਹਨ। ਹਾਲਾਂਕਿ, ਇਹ ਸੁਵਿਧਾ ਸਿਰਫ ਉਨ੍ਹਾਂ ਨੂੰ ਮਿਲੇਗੀ, ਜਿਨ੍ਹਾਂ ਨੇ 31 ਮਾਰਚ 2020 ਤੋਂ ਪਹਿਲਾਂ ਆਪਣੀਆਂ ਸਾਰੀਆਂ ਕਿਸ਼ਤਾਂ ਚੁਕਾਈਆਂ ਹਨ। ਵਨ-ਟਾਈਮ ਰੀ-ਸਟ੍ਰਕਚਰਿੰਗ ਤਹਿਤ ਈ. ਐੱਮ. ਆਈ. ਘੱਟ ਕਰਨ ਲਈ ਕਰਜ਼ ਦੀ ਮਿਆਦ ਵਧਾਈ ਜਾ ਸਕਦੀ ਹੈ। ਬੈਂਕ ਦੇਖੇਗਾ ਕਿ ਜੇਕਰ ਕਰਜ਼ ਦੀ ਰਕਮ ਘੱਟ ਹੈ ਤਾਂ ਉਸ 'ਤੇ ਵਿਆਜ ਦਰਾਂ 'ਚ ਬਦਲਾਅ ਵੀ ਕੀਤਾ ਜਾ ਸਕਦਾ ਹੈ। ਇਕ ਵਾਰ ਕਰਜ਼ ਪੁਨਰਗਠਨ ਹੋਣ 'ਤੇ 2 ਸਾਲ ਤੱਕ ਇਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ।

Sanjeev

This news is Content Editor Sanjeev