LIC ''ਚ 10 ਫੀਸਦੀ ਹਿੱਸਾ ਵੇਚ ਸਕਦੀ ਹੈ ਸਰਕਾਰ, ਦੂਜੀ ਛਿਮਾਹੀ ''ਚ IPO ਸੰਭਵ
02/02/2020 3:47:14 PM
ਨਵੀਂ ਦਿੱਲੀ—ਬੀਮਾ ਖੇਤਰ ਦੀ ਦਿੱਗਜ ਕੰਪਨੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਨੂੰ ਅਗਲੇ ਵਿੱਤੀ ਸਾਲ ਦੀ ਦੂਜੀ ਛਿਮਾਹੀ 'ਚ ਸੂਚੀਬੱਧ ਕਰਵਾਇਆ ਜਾ ਸਕਦਾ ਹੈ। ਵਿੱਤੀ ਸਕੱਤਰ ਰਾਜੀਵ ਕੁਮਾਰ ਨੇ ਐਤਵਾਰ ਨੂੰ ਇਹ ਗੱਲ ਕਹੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ 2020-21 ਦਾ ਬਜਟ ਪੇਸ਼ ਕਰਦੇ ਹੋਏ ਘੋਸ਼ਣਾ ਕੀਤੀ ਕਿ ਅਗਲੇ ਵਿੱਤੀ ਸਾਲ 'ਚ ਐੱਲ.ਆਈ.ਸੀ. ਦਾ ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ.) ਲਿਆਂਦਾ ਜਾਵੇਗਾ।
ਕੁਮਾਰ ਨੇ ਕਿਹਾ ਕਿ ਸੂਚੀਬੱਧਤਾ ਦੇ ਲਈ ਕਈ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ। ਐੱਲ.ਆਈ.ਸੀ. ਨੂੰ ਸੂਚੀਬੱਧ ਕਰਵਾਉਣ ਦੇ ਲਈ ਕੁਝ ਬਦਲਾਵਾਂ ਦੀ ਵੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸੂਚੀਬੱਧ ਦੀ ਪ੍ਰਕਿਰਿਆ ਦਾ ਪਾਲਨ ਕਰਾਂਗੇ। ਵਿਧੀ ਮੰਤਰਾਲੇ ਦੇ ਨਾਲ ਵਿਚਾਰ ਵਟਾਂਦਰੇ 'ਚ ਜ਼ਰੂਰੀ ਬਦਲਾਅ ਕੀਤੇ ਜਾਣਗੇ। ਇਸ ਦੀ ਪ੍ਰਕਿਰਿਆ ਅਸੀਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਅਗਲੇ ਵਿੱਤੀ ਸਾਲ ਦੀ ਦੂਜੀ ਛਿਮਾਹੀ 'ਚ ਸੂਚੀਬੱਧਤਾ ਦੀ ਗੱਲ ਤਰਕਸੰਗਤ ਲੱਗਦੀ ਹੈ।
ਉਨ੍ਹਾਂ ਕਿਹਾ ਕਿ ਐੱਲ.ਆਈ.ਸੀ. ਦੀ ਸੂਚੀਬੱਧਤਾ ਤੋਂ ਜ਼ਿਆਦਾ ਪਾਰਦਰਸ਼ਿਤਾ ਆਵੇਗੀ ਅਤੇ ਜਨਤਕ ਹਿੱਸੇਦਾਰੀ ਵਧੇਗੀ। ਇਹ ਪੁੱਛੇ ਜਾਣ 'ਤੇ ਕਿ ਐੱਲ.ਆਈ.ਸੀ. ਦੀ ਕਿੰਨੀ ਹਿੱਸੇਦਾਰੀ ਦੀ ਵਿਕਰੀ ਕੀਤੀ ਜਾਵੇਗੀ, ਕੁਮਾਰ ਨੇ ਕਿਹਾ ਕਿ ਇਹ ਦਸ ਫੀਸਦੀ ਹੋ ਸਕਦਾ ਹੈ। ਹਾਲਾਂਕਿ ਅਜੇ ਇਸ 'ਤੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਅਗਲੇ ਵਿੱਤੀ ਸਾਲ 'ਚ ਵਿਨਿਵੇਸ਼ ਨਾਲ 2.10 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਦੀ ਇੱਛਾ ਐੱਲ.ਆਈ.ਸੀ. ਅਤੇ ਆਈ.ਡੀ.ਬੀ.ਆਈ. ਬੈਂਕ 'ਚ ਹਿੱਸੇਦਾਰੀ ਵਿਕਰੀ ਨਾਲ 90,000 ਕਰੋੜ ਰੁਪਏ ਜੁਟਾਉਣ ਦਾ ਹੈ।