ਪੈਟਰੋਲ-ਡੀਜ਼ਲ ਫਿਰ ਹੋਵੇਗਾ ਸਸਤਾ, ਜਲਦ ਮਿਲ ਸਕਦੈ ਤੋਹਫਾ!

03/05/2019 3:47:28 PM

ਨਵੀਂ ਦਿੱਲੀ—  ਲੀਬੀਆ ਦੀ 'ਰਾਸ਼ਟਰੀ ਤੇਲ ਕਾਰਪੋਰੇਸ਼ਨ' ਨੇ ਆਪਣੇ ਸ਼ਰਾਰਾ ਤੇਲ ਖੇਤਰ 'ਚ ਉਤਪਾਦਨ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਦੀ ਰੋਜ਼ਾਨਾ ਤੇਲ ਕੱਢਣ ਦੀ ਸਮਰੱਥਾ 3,00,000 ਬੈਰਲ ਹੈ। ਓਪੇਕ ਵੱਲੋਂ ਸਪਲਾਈ 'ਚ ਕੀਤੀ ਜਾ ਰਹੀ ਕਟੌਤੀ ਵਿਚਕਾਰ ਇਹ ਤੇਲ ਖਰੀਦਦਾਰ ਬਾਜ਼ਾਰਾਂ ਲਈ ਚੰਗੀ ਖਬਰ ਹੋ ਸਕਦੀ ਹੈ। ਇਸ ਨਾਲ ਗਲੋਬਲ ਬਾਜ਼ਾਰ 'ਚ ਸਪਲਾਈ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਕੱਚਾ ਤੇਲ ਸਸਤਾ ਹੋ ਸਕਦਾ ਹੈ। ਮੌਜੂਦਾ ਸਮੇਂ ਸਾਊਦੀ ਅਰਬ ਵੱਲੋਂ ਉਤਪਾਦਨ 'ਚ ਕਟੌਤੀ ਦੇ ਨਾਲ-ਨਾਲ ਵੈਨੇਜ਼ੂਏਲਾ ਅਤੇ ਈਰਾਨ 'ਤੇ ਲੱਗੀ ਪਾਬੰਦੀ ਕਾਰਨ ਬਾਜ਼ਾਰ 'ਚ ਬ੍ਰੈਂਟ ਕੱਚਾ ਤੇਲ 65 ਡਾਲਰ ਪ੍ਰਤੀ ਬੈਰਲ ਤੋਂ ਉਪਰ ਚੱਲ ਰਿਹਾ ਹੈ। ਗਲੋਬਲ ਬਾਜ਼ਾਰ 'ਚ ਜਲਦ ਹੀ ਇਸ ਦੀ ਕੀਮਤ ਘੱਟ ਹੋ ਸਕਦੀ ਹੈ, ਜਿਸ ਨਾਲ ਪੈਟਰੋਲ-ਡੀਜ਼ਲ 'ਤੇ ਰਾਹਤ ਮਿਲੇਗੀ।

 

ਉੱਥੋਂ ਦੀ 'ਰਾਸ਼ਟਰੀ ਤੇਲ ਕਾਰਪੋਰੇਸ਼ਨ' ਨੇ ਇਕ ਬਿਆਨ 'ਚ ਕਿਹਾ ਕਿ ਸ਼ਰਾਰਾ ਖੇਤਰ 'ਚ ਨਿਯਮਤ ਪ੍ਰਾਡਕਸ਼ਨ ਆਉਣ ਵਾਲੇ ਦਿਨਾਂ 'ਚ ਪੂਰੀ ਤਰ੍ਹਾਂ ਬਹਾਲ ਹੋ ਜਾਵੇਗਾ। ਇਹ ਪਲਾਂਟ ਦਸੰਬਰ ਤੋਂ ਬੰਦ ਸੀ, ਜਿਸ ਕਾਰਨ ਉਸ ਨੂੰ 1.8 ਅਰਬ ਡਾਲਰ ਦਾ ਨੁਕਸਾਨ ਹੋਇਆ। ਇਸ 'ਤੇ ਹਥਿਆਰਬੰਦ ਗਰੁੱਪਾਂ ਦਾ ਕਬਜ਼ਾ ਸੀ। ਇਹ ਲੀਬੀਆ ਦੇ ਸਭ ਤੋਂ ਮਹੱਤਵਪੂਰਨ ਤੇਲ ਖੇਤਰਾਂ 'ਚੋਂ ਇਕ ਹੈ।
ਜ਼ਿਕਰਯੋਗ ਹੈ ਕਿ ਪੈਟਰੋਲੀਅਮ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪੇਕ ਵੱਲੋਂ ਸਪਲਾਈ 'ਚ ਕਟੌਤੀ ਅਤੇ ਅਮਰੀਕਾ-ਚੀਨ ਵਿਚਕਾਰ ਵਪਾਰ ਡੀਲ ਹੋਣ ਦੀ ਉਮੀਦ ਨਾਲ ਕੱਚੇ ਤੇਲ 'ਚ ਤੇਜ਼ੀ ਦਿਸੀ ਹੈ। ਪਿਛਲੇ 14 ਕਾਰੋਬਾਰੀ ਦਿਨਾਂ 'ਚੋਂ 12 ਦਿਨਾਂ ਦੌਰਾਨ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ ਅਤੇ ਇਸ ਸਾਲ ਦੇ ਸ਼ੁਰੂ ਤੋਂ ਹੁਣ ਤਕ ਕੱਚਾ ਤੇਲ 25 ਫੀਸਦੀ ਮਹਿੰਗਾ ਹੋ ਚੁੱਕਾ ਹੈ। ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਲੀਬੀਆ ਦੀ ਸਪਲਾਈ ਨਾਲ ਓਪੇਕ ਦੀ ਸਪਲਾਈ ਕਟੌਤੀ ਦਾ ਪਲਾਨ ਪ੍ਰਭਾਵਿਤ ਹੋ ਸਕਦਾ ਹੈ। ਲਿਹਾਜਾ ਬਾਜ਼ਾਰ 'ਚ ਥੋੜ੍ਹੇ ਸਮੇਂ ਲਈ ਸਪਲਾਈ ਨੂੰ ਲੈ ਕੇ ਉਲਝਣ ਪੈਦਾ ਹੋ ਸਕਦੀ ਹੈ।