ਮਾਨਸੂਨ ਦੀ ਬਰਸਾਤ ’ਚ ਕਮੀ ਨੇ ਵਧਾਈ ਚਿੰਤਾ, ਵਧ ਸਕਦੀ ਹੈ ਮਹਿੰਗਾਈ

07/18/2021 12:44:24 PM

ਜਲੰਧਰ (ਨਰੇਸ਼ ਅਰੋੜਾ) – ਦੇਸ਼ ’ਚ ਸਾਉਣੀ ਦੀ ਬਿਜਾਈ ਚਿੰਤਾਜਨਕ ਪੱਧਰ ’ਤੇ ਪੱਛੜ ਗਈ ਹੈ। ਸਾਉਣੀ ਦੀ ਬਿਜਾਈ ਪੱਛੜਨ ਕਾਰਨ ਨਾ ਸਿਰਫ ਫਸਲਾਂ ਦਾ ਪੈਟਰਲ ਵਿਗੜ ਸਕਦਾ ਹੈ ਸਗੋਂ ਖਾਣ ਵਾਲੀਆਂ ਵਸਤਾਂ ਦੀ ਮਹਿੰਗਾਈ ਵੀ ਵਧ ਸਕਦੀ ਹੈ। ਖੇਤੀਬਾੜੀ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 16 ਜੁਲਾਈ ਤੱਕ ਦੇਸ਼ ’ਚ ਪਿਛਲੇ ਸਾਲ ਦੇ ਮੁਕਾਬਲੇ ਹਾਲੇ 80.04 ਲੱਖ ਹੈਕਟੇਅਰ ਰਕਬੇ ’ਤੇ ਸਾਉਣੀ ਦੀ ਬਿਜਾਈ ਪੱਛੜੀ ਹੋਈ ਹੈ ਜਦ ਕਿ ਬਿਜਾਈ ਦੀ ਤੁਲਨਾ ਜੇ ਪਿਛਲੇ ਸਾਲ ਦੇ ਜੁਲਾਈ ਦੇ ਦੂਜੇ ਹਫਤੇ ਨਾਲ ਕੀਤੀ ਜਾਵੇ ਤਾਂ ਵੀ ਹਾਲੇ 25 ਲੱਖ ਹੈਕਟੇਅਰ ਰਕਬੇ ’ਚ ਬਿਜਾਈ ਘੱਟ ਹੈ। ਚਾਲੂ ਸਾਉਣੀ ਸੀਜ਼ਨ ’ਚ ਹੁਣ ਤੱਕ ਕੁਲ 611.89 ਲੱਖ ਹੈਕਟੇਅਰ ਰਕਬੇ ’ਤੇ ਫਸਲਾਂ ਦੀ ਬਿਜਾਈ ਹੋਈ ਹੈ ਜਦ ਕਿ ਪਿਛਲੇ ਸਾਲ ਹੁਣ ਤੱਕ 691.93 ਲੱਖ ਹੈਕਟੇਅਰ ਰਕਬੇ ’ਤੇ ਫਸਲਾਂ ਦੀ ਬਿਜਾਈ ਹੋਈ ਸੀ। ਇਸ ਲਿਹਾਜ ਨਾਲ ਹੁਣ ਤੱਕ ਕਰੀਬ 11.6 ਫੀਸਦੀ ਘੱਟ ਰਕਬੇ ’ਤੇ ਬਿਜਾਈ ਹੋਈ ਹੈ।

ਪਿਛਲੇ ਹਫਤੇ ਦੇਸ਼ ’ਚ ਸਾਉਣੀ ਦੀ ਬਿਜਾਈ 58 ਲੱਖ ਹੈਕਟੇਅਰ ਪੱਛੜੀ ਹੋਈ ਸੀ ਪਰ ਜੁਲਾਈ ਦੇ ਤੁਲਨਾਤਮਕ ਹਫਤੇ ’ਚ ਬਿਜਾਈ ਸੰਤੁਸ਼ਟੀ ਭਰਪੂਰ ਪੱਧਰ ’ਤੇ ਸੀ ਅਤੇ ਕੁੱਲ 3.02 ਲੱਖ ਹੈਕਟੇਅਰ ਰਕਬੇ ’ਤੇ ਜ਼ਿਆਦਾ ਬਿਜਾਈ ਹੋਈ ਸੀ ਪਰ 16 ਜੁਲਾਈ ਨੂੰ ਸਮਾਪਤ ਹੋਏ ਹਫਤੇ ’ਚ ਬਿਜਾਈ ਜ਼ਿਆਦਾ ਪੱਛੜ ਗਈ ਹੈ। ਪਿਛਲੇ ਹਫਤੇ ਤੱਕ 87 ਹਜ਼ਾਰ ਹੈਕਟੇਅਰ ਰਕਬੇ ’ਤੇ ਦਾਲਾਂ ਦੀ ਬਿਜਾਈ ਦਾ ਕੰਮ ਪੱਛੜਿਆ ਸੀ ਜੋ ਇਸ ਹਫਤੇ ਵਧ ਕੇ 9.71 ਲੱਖ ਹੈਕਟੇਅਰ ਪਹੁੰਚ ਗਿਆ ਹੈ। ਮਾਂਹ ਦੀ ਦਾਲ ਦਾ ਰਕਬਾ 5.43 ਲੱਖ ਹੈਕਟੇਅਰ ਅਤੇ ਮੂੰਗ ਦੀ ਦਾਲ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 4.29 ਲੱਖ ਹੈਕਟੇਅਰ ਪੱਛੜ ਗਿਆ ਹੈ। ਹਾਲਾਂਕਿ ਕਪਾਹ ਦੀ ਬਿਜਾਈ ਦੇ ਰਕਬੇ ’ਚ ਸੁਧਾਰ ਹੋਇਆ ਹੈ ਪਰ ਇਸ ਦੇ ਬਾਵਜੂਦ ਹੁਣ ਤੱਕ ਕਪਾਹ ਦੀ ਬਿਜਾਈ ਦਾ ਰਕਬਾ 14.62 ਲੱਖ ਹੈਕਟੇਅਰ ਪੱਛੜਿਆ ਹੋਇਆ ਹੈ ਜਦ ਕਿ ਪਿਛਲੇ ਹਫਤੇ ਤੱਕ 18.38 ਲੱਖ ਹੈਕਟੇਅਰ ਘੱਟ ਰਕਬੇ ’ਚ ਕਪਾਹ ਦੀ ਬਿਜਾਈ ਹੋਈ ਸੀ।

ਇਹ ਵੀ ਪੜ੍ਹੋ : ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ

ਦਰਅਸਲ 14 ਜੁਲਾਈ ਨੂੰ ਸਮਾਪਤ ਹੋਏ ਹਫਤੇ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਮਾਨਸੂਨ ਦੀ ਬਰਸਾਤ 7 ਫੀਸਦੀ ਘੱਟ ਹੋਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੂਰਬੀ ਅਤੇ ਉੱਤਰ ਪੂਰਬੀ ਭਾਰਤ ’ਚ ਬਰਸਾਤ ’ਚ40 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਜਦ ਕਿ ਉੱਤਰ ਪੱਛਮੀ ਭਾਰਤ ’ਚ ਵੀ 21 ਫੀਸਦੀ ਘੱਟ ਬਰਸਾਤ ਹੋਈ ਹੈ। ਹਾਲਾਂਕਿ ਦੱਖਣੀ ਭਾਰਤ ’ਚ 59 ਫੀਸਦੀ ਜ਼ਿਆਦਾ ਬਰਸਾਤ ਹੋਈ ਹੈ ਅਤੇ ਮੱਧ ਭਾਰਤ ’ਚ ਇਕ ਫੀਸਦੀ ਘੱਟ ਬਰਸਾਤ ਹੋਈ ਹੈ। ਬਰਸਾਤ ਦੇ ਸਮੇਂ ਸਿਰ ਨਾ ਹੋਣ ਅਤੇ ਅਸਾਧਾਰਣ ਮੀਂਹ ਕਾਰਨ ਫਸਲਾਂ ਦੀ ਬਿਜਾਈ ਦਾ ਕੰਮ ਪੱਛੜਿਆ ਹੋਇਆ ਹੈ।

14.59 ਲੱਖ ਹੈਕਟੇਅਰ ਪੱਛੜੀ ਬਾਜਰੇ ਦੀ ਬਿਜਾਈ

ਪਿਛਲੇ ਹਫਤੇ ਤੱਕ ਦੇਸ਼ ’ਚ ਮੋਟੇ ਅਨਾਜ ਦੀ ਬਿਜਾਈ ਦਾ ਰਕਬਾ 15.13 ਲੱਖ ਹੈਕਟੇਅਰ ਪੱਛੜਿਆ ਹੋਇਆ ਸੀ ਜੋ ਇਸ ਹਫਤੇ ਵਧ ਕੇ 23.73 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ। ਬਾਜਰੇ ਦੀ ਬਿਜਾਈ ਸਭ ਤੋਂ ਜ਼ਿਆਦਾ ਪੱਛੜੀ ਹੋਈ ਹੈ। ਪਿਛਲੇ ਸਾਲ 36.60 ਲੱਖ ਹੈਕਟੇਅਰ ਰਕਬੇ ’ਚ ਬਾਜਰੇ ਦੀ ਬਿਜਾਈ ਹੋਈ ਸੀ ਅਤੇ ਇਸ ਸਾਲ ਹੁਣ ਤੱਕ ਸਿਰਫ 22.01 ਲੱਖ ਹੈਕਟੇਅਰ ਰਕਬੇ ’ਤੇ ਬਿਜਾਈ ਹੋਈ ਹੈ। ਬਾਜਰੇ ਦਾ ਰਕਬਾ 14.59 ਲੱਖ ਹੈਕਟੇਅਰ ਪੱਛੜ ਗਿਆ ਹੈ। ਮੱਕੇ ਦੇ ਰਕਬੇ ’ਚ 4.94 ਲੱਖ ਹੈਕਟੇਅਰ ਅਤੇ ਜਵਾਬ ਦੇ ਰਕਬੇ ’ਚ 2.50 ਲੱਖ ਹੈਕਟੇਅਰ ਦੀ ਕਮੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ :  Air India ਨੂੰ ਮੁੜ ਤੋਂ ਖ਼ਰੀਦਣਾ TATA ਲਈ ਨਹੀਂ ਹੋਵੇਗਾ ਆਸਾਨ, ਇਹ ਵਿਅਕਤੀ ਬਣ ਸਕਦਾ ਹੈ ਮੁਸੀਬਤ

ਤਿਲਹਨ ਦੀ ਬਿਜਾਈ 20.44 ਲੱਖ ਹੈਕਟੇਅਰ ਪੱਛੜੀ

ਦੇਸ਼ ’ਚ ਵਧ ਰਹੀਆਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦਰਮਿਆਨ ਇਸ ਸਾਲ ਹੁਣ ਤੱਕ ਤਿਲਹਨ ਦੀ ਬਿਜਾਈ ਦਾ ਰਕਬਾ 2044 ਲੱਖ ਹੈਕਟੇਅਰ ਤੱਕ ਪੱਛੜਿਆ ਹੋਇਆ ਹੈ ਅਤੇ ਜੇ ਅਗਲੇ ਹਫਤੇ ਤੱਕ ਇਸ ’ਚ ਸੁਧਾਰ ਨਹੀਂ ਹੁੰਦਾ ਹੈ ਤਾਂ ਇਸ ਰਕਬੇ ’ਚ ਤਿਲਹਨ ਦੀ ਥਾਂ ’ਤੇ ਹੋਰ ਫਸਲਾਂ ਲਗਾਉਣੀਆਂ ਪੈ ਸਕਦੀਆਂ ਹਨ, ਜਿਸ ਕਾਰਨ ਫਸਲਾਂ ਦਾ ਪੈਟਰਨ ਬਦਲਣ ਦੇ ਨਾਲ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਵਧਣ ਦਾ ਵੀ ਖਦਸ਼ਾ ਹੈ। ਦੇਸ਼ ’ਚ ਹੁਣ ਤੱਕ 128.91 ਲੱਖ ਹੈਕਟੇਅਰ ਰਕਬੇ ’ਤੇ ਤਿਲਹਨ ਦੀ ਬਿਜਾਈ ਹੋਈ ਹੈ ਜਦ ਕਿ ਪਿਛਲੇ ਸਾਲ 149.35 ਲੱਖ ਹੈਕਟੇਅਰ ਰਕਬੇ ’ਤੇ ਤਿਲਹਨ ਦੀ ਬਿਜਾਈ ਹੋਈ ਸੀ ਅਤੇ ਇਸ ਸਾਲ ਹੁਣ ਤੱਕ ਤਿਲਹਨ ਦੀ ਕੁੱਲ ਬਿਜਾਈ 128.91 ਲੱਖ ਹੈਕਟੇਅਰ ਰਕਬੇ ’ਤੇ ਹੋਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਜੁਲਾਈ ਦੇ ਦੂਜੇ ਹਫਤੇ ਤੱਕ 127.89 ਲੱਖ ਹੈਕਟੇਅਰ ਰਕਬੇ ’ਤੇ ਹੀ ਤਿਲਹਨ ਦੀ ਬਿਜਾਈ ਹੋਈ ਸੀ ਅਤੇ ਇਸ ਸਾਲ ਇਸ ਰਕਬੇ ’ਚ 1.01 ਲੱਖ ਹੈਕਟੇਅਰ ਰਕਬੇ ਦਾ ਵਾਧਾ ਹੋਇਆ ਹੈ। ਤਿਲਹਨ ’ਚ ਸੋਇਆਬੀਨ ਦੀ ਬਿਜਾਈ 12.62 ਲੱਖ ਹੈਕਟੇਅਰ ਪੱਛੜੀ ਹੈ ਜਦ ਕਿ ਮੂੰਗਫਲੀ ਦੀ ਬਿਜਾਈ ਦਾ ਰਕਬਾ ਵੀ ਪਿਛਲੇ ਸਾਲ ਦੇ ਮੁਕਾਬਲੇ 6.94 ਲੱਖ ਹੈਕਟੇਅਰ ਘੱਟ ਹੈ।

ਇਹ ਵੀ ਪੜ੍ਹੋ : ‘IPO ਤੋਂ ਪਹਿਲਾਂ LIC ਮਾਲਾਮਾਲ, ਸਿਰਫ 3 ਮਹੀਨਿਆਂ ’ਚ 10 ਹਜ਼ਾਰ ਕਰੋੜ ਰੁਪਏ ਦਾ ਰਿਕਾਰਡ ਮੁਨਾਫਾ’

ਪ੍ਰਮੁੱਖ ਫਸਲਾਂ ਦੀ ਬਿਜਾਈ ਪੱਛੜੀ

ਫਸਲ 2020-2021 -ਕਮੀ

ਝੋਨਾ - 174.4 -161.9 -7.2 ਫੀਸਦੀ

ਦਾਲਾਂ- 80.3- 70.6 -12.1 ਫੀਸਦੀ

ਮੋਟਾ ਅਨਾਜ -115.0 -91.03 -20.6 ਫੀਸਦੀ

ਤਿਲਹਨ -113.0 -98.3 -13.0 ਫੀਸਦੀ

ਬਿਜਾਈ ਦੇ ਅੰਕੜੇ ਲੱਖ ਹੈਕਟੇਅਰ ’ਚ, ਸ੍ਰੋਤ-ਖੇਤੀਬਾੜੀ ਮੰਤਰਾਲਾ

ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਨੇ Just Dial 'ਚ ਖ਼ਰੀਦੀ ਵੱਡੀ ਹਿੱਸੇਦਾਰੀ, 3497 ਕਰੋੜ ਰੁਪਏ 'ਚ ਹੋਇਆ ਸੌਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur