ਹੁਣ ਬਿਨਾਂ KYC ਨਹੀਂ ਮਿਲੇਗਾ DTH, ਟਰਾਈ ਨੇ ਲਾਗੂ ਕੀਤਾ ਨਵਾਂ ਨਿਯਮ

10/28/2019 11:38:31 AM

ਗੈਜੇਟ ਡੈਸਕ– ਟੈਲੀਕਾਮ ਰੈਗੂਲੇਟਰ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਟੀਵੀ ਦੇਖਣ ਵਾਲਿਆਂ ਲਈ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਇਸ ਨਿਯਮ ਤਹਿਤ ਹੁਣ ਜੇਕਰ ਤੁਸੀਂ ਨਵਾਂ ਡੀ.ਟੀ.ਐੱਚ. ਸੈੱਟ-ਟਾਪ ਬਾਕਸ ਖਰੀਦਣ ਜਾਓਗੇ ਤਾਂ ਤੁਹਾਨੂੰ ਪਹਿਲਾਂ ‘ਨੋ ਯੌਰ ਕਸਟਮਰ’ (ਕੇ.ਵਾਈ.ਸੀ.) ਕਰਾਉਣੀ ਹੋਵੇਗੀ। ਇਸ ਤੋਂ ਬਾਅਦ ਹੀ ਤੁਹਾਡਾ ਸੈੱਟ-ਟਾਪ ਬਾਕਸ ਚਾਲੂ ਹੋਵੇਗਾ। ਇਹ ਇਕ ਤਰ੍ਹਾਂ ਨਵਾਂ ਸਿਮ ਖਰੀਦਣ ਵਰਗਾ ਹੈ।ਟਰਾਈ ਦਾ ਨਵਾਂ ਨਿਯਮ ਮੌਜੂਦਾ ਅਤੇ ਨਵੇਂ ਡੀ.ਟੀ.ਐੱਚ. ਗਾਹਕਾਂ ਦੋਵਾਂ ਲਈ ਲਾਗੂ ਹੈ। ਇਹ KYC ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਹੀ ਨਵੇਂ ਡੀ.ਟੀ.ਐੱਚ. ਕੁਨੈਕਸ਼ਨ ਦੇ ਨਾਲ ਮਿਲਣ ਵਾਲੇ ਸੈੱਟ-ਟਾਪ ਬਾਕਸ ਨੂੰ ਇੰਸਟਾਲ ਕੀਤਾ ਜਾਵੇਗਾ। ਮੌਜੂਦਾ ਗਾਹਕਾਂ ਨੂੰ KYC ਕਰਾਉਣ ਲਈ 2 ਸਾਲ ਦਾ ਸਮਾਂ ਦਿੱਤਾ ਗਿਆ ਹੈ। 

ਨਵੇਂ ਨਿਯਮ ਨਾਲ ਜੁੜੀਆਂ ਕੁਝ ਜ਼ਰੂਰੀ ਗੱਲਾਂ
1- ਡੀ.ਟੀ.ਐੱਚ. ਗਾਹਕਾਂ ਲਈ KYC ਜ਼ਰੂਰੀ ਕਰਨ ਲਈ ਪਿਛਲੇ ਕੁਝ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਇਸ ਨੂੰ ਇੰਡਸਟਰੀ ਦੇ ਸਟੇਕਹੋਲਡਰਾਂ ਦੁਆਰਾ ਸਹਿਮਤੀ ਮਿਲਣ ਤੋਂ ਬਾਅਦ ਲਾਗੂ ਕੀਤਾ ਗਿਆ ਹੈ। 

2- ਹੁਣ ਡੀ.ਟੀ.ਐੱਚ. ਰਿਪ੍ਰੈਜੈਂਟੇਟਿਵ ਨੂੰ ਨਵਾਂ ਕੁਨੈਕਸ਼ਨ ਇੰਸਟਾਲ ਕਰਨ ਤੋਂ ਪਹਿਲਾਂ ਗਾਹਕਾਂ ਦੀ KYC ਕਰਨੀ ਹੋਵੇਗੀ। ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ ਹੀ ਨਵਾਂ ਸੈੱਟ-ਟਾਪ ਬਾਕਸ ਕੰਮ ਕਰਨਾ ਸ਼ੁਰੂ ਕਰੇਗਾ। ਹੁਣ ਡੀ.ਟੀ.ਐੱਚ. ਸੈੱਟ-ਟਾਪ ਬਾਕਸ ਉਸੇ ਐਡਰੈੱਸ ’ਤੇ ਲਗਾਇਆ ਅਤੇ ਇੰਸਟਾਲ ਕੀਤਾ ਜਾਵੇਗਾ ਜੋ ਐਡਰੈੱਸ ਕੁਨੈਕਸ਼ਨ ਐਪਲੀਕੇਸ਼ਨ ਫਾਰਮ ’ਚ ਦਰਜ ਹੋਵੇਗਾ। 

3- ਗਾਹਕ ਦੀ ਪਛਾਣ ਕਰਨ ਲਈ ਡੀ.ਟੀ.ਐੱਚ. ਆਪਰੇਟਰ ਰਜਿਸਟਰਡ ਮੋਬਾਇਲ ਨੰਬਰ ’ਤੇ ਓ.ਟੀ.ਪੀ. ਭੇਜ ਕੇ ਉਸ ਨੂੰ ਵੈਰੀਫਾਈ ਕਰਨਗੇ। ਓ.ਟੀ.ਪੀ. ਵੈਰੀਫਾਈ ਹੋਣ ਤੋਂ ਬਾਅਦ ਹੀ ਸੈੱਟ-ਟਾਪ ਬਾਕਸ ਦੇ ਇੰਸਟਾਲੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। 

4- ਜੇਕਰ ਕਿਸੇ ਗਾਹਕ ਕੋਲ ਮੋਬਾਇਲ ਫੋਨ ਨਹੀਂ ਹੈ ਤਾਂ ਉਸ ਨੂੰ ਪਛਾਣ ਪ੍ਰਮਾਣ ਪੱਤਰ ਜਮ੍ਹਾ ਕਰਨਾ ਹੋਵੇਗਾ। ਜਿਨ੍ਹਾਂ ਮੌਜੂਦਾ ਗਾਹਕਾਂਦਾ ਮੋਬਾਇਲ ਨੰਬਰ ਡੀ.ਟੀ.ਐੱਚ. ਕੁਨੈਕਸ਼ਨ ਨਾਲ ਲਿੰਕ ਨਹੀਂ ਹੈ, ਉਨ੍ਹਾਂ ਨੂੰ 2 ਸਾਲ ਦੇ ਅੰਦਰ ਲਿੰਕ ਕਰਾਉਣਾ ਹੋਵੇਗਾ। 

5- ਟਰਾਈ ਆਪਰੇਟਰ ਗਾਹਕਾਂ ਦੇ ਵੈਰੀਫਿਕੇਸ਼ਨ ਦਸਤਾਵੇਜ਼ਾਂ ਨੂੰ ਕਲੈਕਟ ਕਰਨ ਦੀ ਛੋਟ ਦਿੰਦਾ ਹੈ ਪਰ ਸੈੱਟ-ਟਾਪ ਬਾਕਸ ਤੋਂ ਉਨ੍ਹਾਂ ਗਾਹਕਾਂ ਦੇ ਲੋਕੇਸ਼ਨ ਡਾਟਾ ਨੂੰ ਲੈਣ ਦੀ ਮਨਾਹੀ ਹੈ।