KOTAK ਬੈਂਕ ਦੇ ਗਾਹਕਾਂ ਨੂੰ ਝਟਕਾ, SBI ''ਚ ਵੀ ਘੱਟ ਹੋਣ ਜਾ ਰਿਹੈ ਵਿਆਜ

04/13/2019 3:50:54 PM

ਜਲੰਧਰ— ਕੋਟਕ ਮਹਿੰਦਰਾ ਬੈਂਕ 'ਚ ਹੁਣ ਇਕ ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ 'ਤੇ 4.5 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 5 ਫੀਸਦੀ ਮਿਲ ਰਿਹਾ ਸੀ। ਨਵੀਂ ਦਰ 15 ਅਪ੍ਰੈਲ 2019 ਤੋਂ ਲਾਗੂ ਹੋਵੇਗੀ।

ਉੱਥੇ ਹੀ, ਜੇਕਰ ਬਚਤ ਖਾਤੇ 'ਚ ਇਕ ਲੱਖ ਰੁਪਏ ਤੋਂ ਵੱਧ ਅਤੇ ਇਕ ਕਰੋੜ ਰੁਪਏ ਤੋਂ ਘੱਟ ਰਕਮ ਜਮ੍ਹਾਂ ਹੈ, ਤਾਂ 6 ਫੀਸਦੀ ਵਿਆਜ ਮਿਲ ਰਿਹਾ ਹੈ, ਇਸ 'ਚ ਕੋਈ ਬਦਲਾਵ ਨਹੀਂ ਹੈ। ਇਸੇ ਤਰ੍ਹਾਂ ਇਕ ਕਰੋੜ ਰੁਪਏ ਤੋਂ ਵੱਧ ਦੀ ਜਮ੍ਹਾਂ ਰਾਸ਼ੀ 'ਤੇ ਵੀ ਪਹਿਲੇ ਦੀ ਤਰ੍ਹਾਂ 5.5 ਫੀਸਦੀ ਦਰ ਹੀ ਹੈ। ਕੋਟਕ ਬੈਂਕ ਨੇ ਸਿਰਫ 1 ਲੱਖ ਰੁਪਏ ਤਕ ਦੀ ਜਮ੍ਹਾਂ ਰਾਸ਼ੀ 'ਤੇ ਦਿੱਤੀ ਜਾਣੀ ਵਾਲੀ ਵਿਆਜ ਦਰ 'ਚ ਹੀ 0.5 ਫੀਸਦੀ ਦੀ ਕਟੌਤੀ ਕੀਤੀ ਹੈ। ਹਾਲਾਂਕਿ ਦੂਜੇ ਬੈਂਕਾਂ ਨਾਲੋਂ ਹੁਣ ਵੀ ਇਹ ਦਰ ਕਾਫੀ ਹੈ।

 

SBI 'ਚ ਘੱਟ ਜਾਵੇਗਾ ਰਿਟਰਨ


ਮਈ 2019 ਤੋਂ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਨਵੀਂ ਵਿਵਸਥਾ ਲਾਗੂ ਹੋ ਜਾਵੇਗੀ। ਇਸ ਤਹਿਤ 1 ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰਾਸ਼ੀ 'ਤੇ ਸਿਰਫ 3.25 ਫੀਸਦੀ ਵਿਆਜ ਮਿਲੇਗਾ, ਜੋ ਫਿਲਹਾਲ 3.50 ਫੀਸਦੀ ਮਿਲ ਰਿਹਾ ਹੈ। ਹਾਲਾਂਕਿ ਇਕ ਲੱਖ ਰੁਪਏ ਤੋਂ ਘੱਟ ਜਮ੍ਹਾਂ ਰਾਸ਼ੀ ਵਾਲੇ ਬਚਤ ਖਾਤੇ 'ਤੇ ਪਹਿਲਾਂ ਦੀ ਤਰ੍ਹਾਂ ਹੀ ਵਿਆਜ ਮਿਲਦਾ ਰਹੇਗਾ।

ਉੱਥੇ ਹੀ, ਜਿਨ੍ਹਾਂ ਦੀ ਕੈਸ਼ ਕ੍ਰੈਡਿਟ (ਸੀ. ਸੀ.) ਤੇ ਓਵਰ ਡਰਾਫਟ (ਓ. ਡੀ.) ਲਿਮਟ 1 ਲੱਖ ਰੁਪਏ ਤੋਂ ਉਪਰ ਹੈ, ਉਨ੍ਹਾਂ ਨੂੰ ਰਾਹਤ ਮਿਲਣ ਜਾ ਰਹੀ ਹੈ। ਇਨ੍ਹਾਂ 'ਤੇ ਵਿਆਜ ਦਰ 8.50 ਤੋਂ ਘੱਟ ਹੋ ਕੇ 8.25 ਹੋ ਜਾਵੇਗੀ। ਇਸ ਦਾ ਕਾਰਨ ਹੈ ਕਿ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਮਈ ਤੋਂ ਸੀ. ਸੀ., ਓ. ਡੀ. ਅਤੇ ਜਮ੍ਹਾ ਰਾਸ਼ੀ 'ਤੇ ਵਿਆਜ ਦਰਾਂ ਨੂੰ ਰੇਪੋ ਦਰ ਨਾਲ ਜੋੜਨ ਦੀ ਘੋਸ਼ਣਾ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਹਾਲ ਹੀ 'ਚ ਰੇਪੋ ਦਰ 'ਚ 0.25 ਫੀਸਦੀ ਦੀ ਕਮੀ ਕੀਤੀ ਹੈ, ਜਿਸ ਨਾਲ ਕਰਜ਼ ਦਰਾਂ 'ਚ ਵੀ ਕਮੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।