ਸਾਉਣੀ ਫ਼ਸਲਾਂ ਦੀ ਪੈਦਾਵਰ ਇਸ ਵਾਰ ਤੋੜੇਗੀ ਰਿਕਾਰਡ : ਖੇਤੀਬਾੜੀ ਮੰਤਰੀ

10/16/2020 2:21:41 PM

ਨਵੀਂ ਦਿੱਲੀ— ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਖੇਤੀ ਖੇਤਰ 'ਤੇ ਬਹੁਤਾ ਪ੍ਰਭਾਵਿਤ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ 2020-21 ਦੇ ਸਾਉਣੀ ਮੌਸਮ 'ਚ 14 ਕਰੋਡ਼ 45 ਲੱਖ ਟਨ ਅਨਾਜ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਪਿਛਲੇ 2019-20 ਦੇ ਸਾਉਣੀ ਮੌਸਮ ਦੌਰਾਨ ਅਨਾਜ ਉਤਪਾਦਨ 14 ਕਰੋਡ਼ 33 ਲੱਖ ਟਨ ਰਿਹਾ ਸੀ। ਮੌਜੂਦਾ ਸਮੇਂ ਦੇਸ਼ 'ਚ ਸਾਉਣੀ ਫਸਲਾਂ ਦੀ ਕਟਾਈ ਚੱਲ ਰਹੀ ਹੈ।

ਝੋਨਾ ਮੁੱਖ ਸਾਉਣੀ ਫ਼ਸਲ ਹੈ। ਪਹਿਲੇ ਅਨੁਮਾਨ ਅਨੁਸਾਰ, ਖੇਤੀ ਮੰਤਰਾਲਾ ਨੂੰ ਫਸਲ ਸਾਲ 2020-21 (ਜੁਲਾਈ-ਜੂਨ) ਦੇ ਸਾਉਣੀ ਮੌਸਮ ਦੌਰਾਨ ਝੋਨੇ ਦਾ ਉਤਪਾਦਨ 10 ਕਰੋੜ 23 ਲੱਖ 60 ਹਜ਼ਾਰ ਟਨ ਹੋਣ ਦਾ ਅਨੁਮਾਨ ਹੈ। ਤੋਮਰ ਨੇ ਉਦਯੋਗ ਸੰਗਠਨ ਸੀ. ਆਈ. ਆਈ. ਵੱਲੋਂ ਆਯੋਜਿਤ ਇਕ ਡਿਜੀਟਲ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਅਨਾਜ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੋਵੇਗਾ। ਸ਼ੁਰੂਆਤੀ ਅਨੁਮਾਨਾਂ ਮੁਤਾਬਕ, 2020-21 ਸਾਉਣੀ ਮੌਸਮ 'ਚ ਅਨਾਜ ਉਤਪਾਦਨ 14 ਕਰੋਡ਼ 45 ਲੱਖ ਟਨ ਹੋਣ ਦਾ ਅੰਦਾਜ਼ਾ ਹੈ।''

ਉਨ੍ਹਾਂ ਕਿਹਾ ਕਿ ਗੰਨੇ ਅਤੇ ਕਪਾਹ ਵਰਗੀਆਂ ਨਕਦੀ ਫ਼ਸਲਾਂ ਦਾ ਉਤਪਾਦਨ ਵੀ ਚੰਗਾ ਹੋਣ ਦੀ ਉਮੀਦ ਹੈ। ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਸ ਸਾਲ ਸਾਉਣੀ ਫ਼ਸਲਾਂ ਦੇ ਰਕਬੇ 'ਚ ਰਿਕਾਰਡ 4.51 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ 1,121.75 ਲੱਖ ਹੈਕਟੇਅਰ ਹੋ ਗਿਆ ਹੈ।

ਤੋਮਰ ਨੇ ਕਿਹਾ ਕਿ ਖੇਤੀ ਭਾਰਤੀ ਅਰਥਵਿਵਸਥਾ ਦਾ ਆਧਾਰ ਹੈ। ਵਿੱਤੀ ਵਰ੍ਹੇ 2020-212 ਦੀ ਪਹਿਲੀ ਤਿਮਾਹੀ ਦੌਰਾਨ ਵੀ ਇਹ ਖੇਤਰ 3.4 ਫੀਸਦੀ ਵਧਿਆ ਹੈ। ਨਵੇਂ ਖੇਤੀ ਕਾਨੂੰਨਾਂ 'ਤੇ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸੁਧਾਰਾਂ ਬਾਰੇ 'ਚ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਖਰੀਦ ਦੇ ਨਾਲ-ਨਾਲ ਮੰਡੀਆ ਦੇਸ਼ ਭਰ 'ਚ ਕੰਮ ਕਰਦੀਆਂ ਰਹਿਣਗੀਆਂ।

Sanjeev

This news is Content Editor Sanjeev