ਕਿਸਾਨਾਂ ਨੂੰ ਖੁਸ਼ ਕਰੇਗੀ ਮੋਦੀ ਸਰਕਾਰ, ਇੰਨਾ ਹੋ ਸਕਦੈ ਫਸਲਾਂ ਦਾ MSP

05/25/2018 12:52:24 PM

ਨਵੀਂ ਦਿੱਲੀ— ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨੂੰ ਖੁਸ਼ ਕਰਨ ਲਈ ਜਲਦ ਹੀ ਸਾਉਣੀ ਫਸਲਾਂ ਦੇ ਸਰਕਾਰੀ ਮੁੱਲ ਵਧਾਉਣ ਦਾ ਐਲਾਨ ਕਰ ਸਕਦੀ ਹੈ। ਸਰਕਾਰ ਸਾਉਣੀ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਕੁਇੰਟਲ 80 ਰੁਪਏ ਤੋਂ ਲੈ ਕੇ 400 ਰੁਪਏ ਤਕ ਵਧਾਉਣ ਦੀ ਤਿਆਰੀ 'ਚ ਹੈ। ਖੇਤੀ ਲਾਗਤ ਅਤੇ ਮੁੱਲ ਕਮਿਸ਼ਨ (ਸੀ. ਏ. ਸੀ. ਪੀ.) ਨੇ ਸਭ ਤੋਂ ਜ਼ਿਆਦਾ ਵਾਧਾ ਦਾਲਾਂ ਦੇ ਐੱਮ. ਐੱਸ. ਪੀ. 'ਚ ਕਰਨ ਦੀ ਸਿਫਾਰਸ਼ ਕੀਤੀ ਹੈ, ਜਦੋਂ ਕਿ ਅਨਾਜ ਦੇ ਐੱਮ. ਐੱਸ. ਪੀ. 'ਚ ਪ੍ਰਤੀ ਕੁਇੰਟਲ 60 ਰੁਪਏ ਤੋਂ 175 ਰੁਪਏ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ।
ਸਰਕਾਰ ਇਸ 'ਤੇ ਕੁਝ ਬੋਨਸ ਵੀ ਦੇ ਸਕਦੀ ਹੈ। ਪਿਛਲੇ ਸਾਲ ਬਾਜ਼ਾਰ ਕੀਮਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਕੁਝ ਫਸਲਾਂ 'ਤੇ ਐੱਮ. ਐੱਸ. ਪੀ. ਦੇ ਇਲਾਵਾ ਬੋਨਸ ਵੀ ਦਿੱਤਾ ਸੀ। ਜਾਣਕਾਰੀ ਮੁਤਾਬਕ ਸੀ. ਏ. ਸੀ. ਪੀ. ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਖੇਤੀਬਾੜੀ ਮੰਤਰਾਲਾ ਵਿਚਾਰ ਕਰ ਰਿਹਾ ਹੈ ਅਤੇ ਜਲਦ ਇਸ 'ਤੇ ਫੈਸਲਾ ਲਿਆ ਜਾ ਸਕਦਾ ਹੈ। ਉਧਰ ਸਰਕਾਰ ਨੇ ਕਣਕ ਕਿਸਾਨਾਂ ਦੇ ਹਿੱਤਾਂ 'ਚ ਫੈਸਲਾ ਲੈਂਦੇ ਹੋਏ ਬਾਹਰੋਂ ਖਰੀਦੀ ਜਾਣ ਵਾਲੀ ਕਣਕ 'ਤੇ ਕਸਟਮ ਡਿਊਟੀ ਵਧਾ ਕੇ 30 ਫੀਸਦੀ ਕਰ ਦਿੱਤੀ ਹੈ, ਤਾਂ ਕਿ ਘਰੇਲੂ ਬਾਜ਼ਾਰ 'ਚ ਕੀਮਤਾਂ ਨਾ ਡਿੱਗਣ। ਇਸ ਕਦਮ ਨਾਲ ਸਸਤੀ ਦਰਾਮਦ 'ਤੇ ਰੋਕ ਲੱਗੇਗੀ।

ਸਭ ਤੋਂ ਵਧ ਦਾਲਾਂ ਦਾ ਵਧੇਗਾ ਸਰਕਾਰੀ ਮੁੱਲ


ਖੇਤੀਬਾੜੀ ਮੰਤਰਾਲੇ ਨੂੰ ਭੇਜੀਆਂ ਗਈਆਂ ਸੀ. ਏ. ਸੀ. ਪੀ. ਦੀਆਂ ਸਿਫਾਰਸ਼ਾਂ ਮੁਤਾਬਕ ਅਰਹਰ ਅਤੇ ਮਾਂਹ ਦਾ ਐੱਮ. ਐੱਸ. ਪੀ. ਪ੍ਰਤੀ ਕੁਇੰਟਲ 400 ਰੁਪਏ ਵਧਾਇਆ ਜਾਵੇਗਾ। ਅਜਿਹੇ 'ਚ ਦੋਹਾਂ ਦਾਲਾਂ ਦੀ ਸਰਕਾਰੀ ਕੀਮਤ ਕ੍ਰਮਵਾਰ ਪ੍ਰਤੀ ਕੁਇੰਟਲ 5,850 ਰੁਪਏ ਅਤੇ 5,800 ਰੁਪਏ ਹੋ ਜਾਵੇਗੀ। ਮੂੰਗ ਦੀ ਸਰਕਾਰੀ ਖਰੀਦ 350 ਰੁਪਏ ਵਧ ਕੇ 5,925 ਰੁਪਏ ਹੋਵੇਗੀ।
ਉੱਥੇ ਹੀ ਝੌਨੇ ਦਾ ਸਮਰਥਨ ਮੁੱਲ ਵਧਾ ਕੇ 1,630 ਰੁਪਏ ਕੀਤਾ ਜਾ ਸਕਦਾ ਹੈ, ਜੋ ਪਹਿਲਾਂ 1,550 ਰੁਪਏ ਸੀ। ਇਸ ਦੇ ਇਲਾਵਾ ਜਵਾਰ 'ਤੇ 75 ਰੁਪਏ, ਬਾਜਰਾ 'ਤੇ 95 ਰੁਪਏ ਅਤੇ ਮੱਕਾ 'ਤੇ 60 ਰੁਪਏ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਕਮਿਸ਼ਨ ਨੇ ਕਪਾਹ 'ਤੇ 160 ਰੁਪਏ ਅਤੇ ਮੂੰਗਫਲੀ 'ਤੇ 230 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਐੱਮ. ਐੱਸ. ਪੀ. 'ਚ ਕਰਨ ਦੀ ਸਿਫਾਰਸ਼ ਕੀਤੀ ਹੈ। ਸੀ. ਏ. ਸੀ. ਪੀ. ਨੇ ਇਨ੍ਹਾਂ ਦੇ ਇਲਾਵਾ ਸੂਰਜਮੁਖੀ ਬੀਜ 'ਤੇ 150 ਰੁਪਏ ਅਤੇ ਸੋਇਆਬੀਨ 'ਤੇ 300 ਰੁਪਏ ਵਧਾਉਣ ਨੂੰ ਕਿਹਾ ਹੈ।
 

ਸਾਉਣੀ ਫਸਲਾਂ ਦੇ MSP 'ਚ ਪ੍ਰਸਤਾਵਿਤ ਵਾਧਾ—

ਫਸਲ 2017-18 2018-19 ਵਾਧਾ (ਰੁਪਏ 'ਚ)
ਅਰਹਰ 5,450 5,850 400
ਮੂੰਗ 5,575 5,925 350
ਮਾਂਹ 5,400 5,800 400
ਚਾਵਲ 1,550 1,630 80
ਜਵਾਰ 1,700 1,780 80
ਬਾਜਰਾ 1,425 1,520 95
ਮੱਕਾ 1,425 1,485 60
ਕਪਾਹ 4,020 4,180 160
ਸੋਇਆਬੀਨ 3,050 3,325 275