ਕੇਰਲ 'ਚ ਹੜ੍ਹ ਦਾ ਕਹਿਰ: ਟਾਇਰ ਤੇ ਵਾਹਨ ਹੋਣਗੇ ਮਹਿੰਗੇ, ਬੈਂਕਾਂ 'ਤੇ ਵੀ ਦਿਸੇਗਾ ਅਸਰ!

08/21/2018 12:23:19 PM

ਨਵੀਂ ਦਿੱਲੀ— ਕੇਰਲ 'ਚ ਆਏ ਹੜ੍ਹ ਕਾਰਨ ਸੂਬੇ 'ਚ ਰਿਟੇਲਿੰਗ, ਖੇਤੀਬਾੜੀ ਅਤੇ ਟੂਰਿਜ਼ਮ ਨਾਲ ਜੁੜੇ ਛੋਟੋ ਕਾਰੋਬਾਰਾਂ ਨੂੰ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਦੀ ਮਾਰ ਟਾਇਰ ਅਤੇ ਵਾਹਨ ਸੈਕਟਰ ਤਕ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਰਬੜ ਉਦਯੋਗ 'ਚ ਕੇਰਲ ਦਾ ਹੀ ਦਬਦਬਾ ਹੈ। ਦੇਸ਼ ਦੇ ਰਬੜ ਪ੍ਰਾਡਕਸ਼ਨ ਦਾ 85 ਫੀਸਦੀ ਹਿੱਸਾ ਕੇਰਲ ਤੋਂ ਹੀ ਆਉਂਦਾ ਹੈ। ਹੜ੍ਹ ਕਾਰਨ ਰਬੜ ਦੀ ਫਸਲ 'ਚ ਤਕਰੀਬਨ 40 ਫੀਸਦੀ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।

ਟਾਇਰ ਨਿਰਮਾਤਾ ਕੰਪਨੀਆਂ ਜਿਵੇਂ ਕਿ ਅਪੋਲੋ ਟਾਇਰਸ ਅਤੇ ਐੱਮ. ਆਰ. ਐੱਫ. ਦੀ ਇਨਪੁਟ ਲਾਗਤ 'ਚ ਕੁਦਰਤੀ ਰਬੜ ਦਾ ਯੋਗਦਾਨ 40 ਫੀਸਦੀ ਹੈ। ਕੇਰਲ 'ਚ ਰਬੜ ਦਾ ਉਤਪਾਦਨ ਘਟਣ ਨਾਲ ਕੱਚਾ ਮਾਲ ਮਹਿੰਗਾ ਹੋ ਸਕਦਾ ਹੈ, ਜਿਸ ਦਾ ਬੋਝ ਟਾਇਰ ਨਿਰਮਾਤਾ ਵਾਹਨ ਕੰਪਨੀਆਂ 'ਤੇ ਪਾ ਸਕਦੇ ਹਨ। ਲਿਹਾਜਾ ਵਾਹਨ ਕੰਪਨੀਆਂ ਅੱਗੋਂ ਇਸ ਦਾ ਥੋੜ੍ਹਾ ਜਿਹਾ ਭਾਰ ਗਾਹਕਾਂ 'ਤੇ ਪਾ ਸਕਦੀਆਂ ਹਨ। ਟਾਇਰ ਨਿਰਮਾਤਾਵਾਂ ਦੀ ਲਾਗਤ ਵਧਣ ਨਾਲ ਬਾਜ਼ਾਰ 'ਚ ਟਾਇਰ ਵੀ ਮਹਿੰਗੇ ਹੋਣ ਦਾ ਖਦਸ਼ਾ ਹੈ। ਘਰੇਲੂ ਪੱਧਰ 'ਤੇ ਕੁਦਰਤੀ ਰਬੜ ਦੀ ਕਮੀ ਦੇ ਅਨੁਮਾਨਾਂ ਨਾਲ ਟਾਇਰ ਉਦਯੋਗ ਪਹਿਲਾਂ ਹੀ ਸਮੱਸਿਆ ਨਾਲ ਜੂਝ ਰਿਹਾ ਹੈ।
 

ਬੈਂਕ, ਬੀਮਾ ਕੰਪਨੀਆਂ 'ਤੇ ਵੀ ਹੋਵੇਗਾ ਅਸਰ :
ਫੈਡਰਲ ਬੈਂਕ ਅਤੇ ਸਾਊਥ ਇੰਡੀਅਨ ਬੈਂਕ ਨੂੰ ਆਪਣੇ ਕਰਜ਼ ਦਾ 34 ਫੀਸਦੀ ਅਤੇ 41 ਫੀਸਦੀ ਹਿੱਸਾ ਕਰੇਲ ਤੋਂ ਮਿਲਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਕਰਜ਼ ਦੇ ਇਲਾਵਾ ਛੋਟੋ ਕਾਰੋਬਾਰਾਂ 'ਤੇ ਵੀ ਅਸਰ ਪੈਣ ਕਾਰਨ ਵਿੱਤੀ ਸੰਸਥਾਨਾਂ ਦਾ ਕਰਜ਼ ਘਾਟਾ ਵਧ ਸਕਦਾ ਹੈ। ਮੁਥੂਟ ਫਾਈਨਾਂਸ ਅਤੇ ਮਣਾਪੁਰਮ ਫਾਈਨਾਂਸ ਨੂੰ 15 ਫੀਸਦੀ ਸਵਰਣ ਕਰਜ਼ ਕਾਰੋਬਾਰ ਕੇਰਲ ਤੋਂ ਮਿਲਦਾ ਹੈ, ਉਨ੍ਹਾਂ 'ਚ ਵੀ ਕੁਝ ਰਿਸਕ ਦੀ ਸਥਿਤੀ ਬਣ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬੀਮਾ ਕੰਪਨੀਆਂ ਖਾਸ ਤੌਰ 'ਤੇ ਨਿਊ ਇੰਡੀਆ ਇੰਸ਼ੋਰੈਂਸ ਅਤੇ ਆਈ. ਸੀ. ਸੀ. ਆਈ. ਲੋਮਬਾਰਡ ਲਈ ਦੱਖਣੀ ਭਾਰਤੀ ਬਾਜ਼ਾਰਾਂ 'ਚ ਕੇਰਲ ਇਕ ਪ੍ਰਮੁੱਖ ਬਾਜ਼ਾਰ ਹੈ, ਅਜਿਹੇ 'ਚ ਉੱਥੇ ਆਉਣ ਵਾਲੇ ਮਹੀਨਿਆਂ 'ਚ ਜ਼ਿਆਦਾ ਕਲੇਮ ਕੀਤੇ ਜਾ ਸਕਦੇ ਹਨ।