ਹੁਣ ਕਲਿਆਣ ਕ੍ਰਿਸ਼ਣਮੂਰਤੀ ਸੰਭਾਲਣਗੇ ਫਲਿੱਪਕਾਰਟ ਦੇ CEO ਦਾ ਅਹੁਦਾ

11/15/2018 4:50:53 PM

ਨਵੀਂ ਦਿੱਲੀ — ਫਲਿੱਪਕਾਰਟ ਸਮੂਹ ਦੇ ਸੀ.ਈ.ਓ. ਬਿੰਨੀ ਬਾਂਸਲ(37) ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਕਲਿਆਣ ਕ੍ਰਿਸ਼ਣਾਮੂਰਤੀ ਕੰਪਨੀ ਦੇ ਸੀ.ਈ.ਓ. ਦਾ ਅਹੁਦਾ ਸੰਭਾਲਣਗੇ। ਅਮਰੀਕੀ ਰਿਟੇਲ ਕੰਪਨੀ ਅਤੇ ਫਲਿੱਪਕਾਰਟ ਦੀ ਨਵੀਂ ਪੇਰੈਂਟ ਕੰਪਨੀ ਵਾਲਮਾਰਟ ਨੇ ਕਿਹਾ ਕਿ ਹੁਣ ਇਸ ਵਿਚ ਮਿੱਤਰਾ ਅਤੇ ਜਬਾਂਗ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ। ਮਿੱਤਰਾ ਅਤੇ ਜਬਾਂਗ ਦੇ ਸੀ.ਈ.ਓ. ਅਨੰਤ ਨਾਰਾਇਣ ਅਹੁਦੇ 'ਤੇ ਬਣੇ ਰਹਿਣਗੇ, ਪਰ ਉਹ ਕ੍ਰਿਸ਼ਣਾਮੂਰਤੀ ਨੂੰ ਰਿਪੋਰਟ ਕਰਨਗੇ। ਇਸ ਦੇ ਨਾਲ ਹੀ ਸਮੀਰ ਨਿਗਮ ਫੋਨਪੇਅ ਦੇ ਸੀ.ਈ.ਓ. ਬਣੇ ਰਹਿਣਗੇ।

ਕਲਿਆਣ ਅਤੇ ਸਮੀਰ ਦੋਵੇਂ ਬੋਰਡ ਨੂੰ ਰਿਪੋਰਟ ਕਰਨਗੇ। ਸਤੰਬਰ 'ਚ ਖਬਰ ਆਈ ਸੀ ਕਿ ਬਿੰਨੀ ਕੰਪਨੀ ਦੇ ਕੰਮਕਾਜ ਵਿਚ ਨਿਰੰਤਰ ਭੂਮਿਕਾ ਨਹੀਂ ਨਿਭਾ ਰਹੇ। ਇਸ ਲਈ ਸਮੂਹ ਨੂੰ ਸੀ.ਈ.ਓ. ਨੂੰ ਬਦਲਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਹਾਲਾਂਕਿ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬਿੰਨੀ ਅਸਤੀਫੇ ਤੋਂ ਬਾਅਦ ਕੰਪਨੀ ਬੋਰਡ ਵਿਚ ਬਣੇ ਰਹਿਣਗੇ ਜਾਂ ਨਹੀਂ।
ਸੂਤਰਾਂ ਅਨੁਸਾਰ ਇਹ ਦੂਜੀ ਵਾਰ ਹੈ ਜਦੋਂ ਬਾਂਸਲ ਦੇ ਖਿਲਾਫ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾ ਮਾਮਲਾ ਤਿੰਨ ਸਾਲ ਪਹਿਲਾਂ ਸਾਹਮਣੇ ਆਇਆ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਸ ਸਮੇਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਹੋਈ ਸੀ ਜਾਂ ਨਹੀਂ। ਬੰਸਲ ਦੇ ਅਸਤੀਫੇ ਤੋਂ ਬਾਅਦ ਫਲਿੱਪਕਾਰਟ ਦੇ ਵੱਖ-ਵੱਖ ਭਾਗਾਂ ਦੇ ਮੁੱਖੀ ਕਾਰੋਬਾਰ ਅਤੇ ਕੰਪਨੀ ਦੇ ਆਪਰੇਸ਼ਨ ਨਾਲ ਜੁੜੇ ਸਵਾਲਾਂ ਅਤੇ ਚਿੰਤਾਵਾਂ ਦਾ ਜਵਾਬ ਦੇਣ ਲਈ ਆਪਣੀ ਟੀਮਾਂ ਨਾਲ ਜੁੜੇ ਰਹੇ।

ਸੂਤਰਾਂ ਨੇ ਕਿਹਾ ਕਿ ਇਸ ਸਾਲ ਜੁਲਾਈ ਵਿਚ ਸ਼ਿਕਾਇਤਕਰਤਾ ਨੇ ਵਾਲਮਾਰਟ ਦਾ ਰੁਖ ਕੀਤਾ ਸੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਵਾਲਮਾਰਟ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਸੌਦੇ ਦੌਰਾਨ ਉਸਨੂੰ ਇਸ ਘਟਨਾ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਕਰਮਚਾਰੀਆਂ ਨੂੰ ਲਿਖੇ ਗਏ ਇਕ ਪੱਤਰ ਵਿਚ ਬੰਸਲ ਨੇ ਲਿਖਿਆ, ਕੁਝ ਸਮੇਂ ਤੋਂ ਮੈਂ ਫਲਿੱਪਕਾਰਟ ਸਮੂਹ ਦੇ ਆਪਰੇਸ਼ਨ ਸੰਬੰਧੀ ਅਹੁਦੇ ਤੋਂ ਹਟਣ ਲਈ ਸਹੀ ਸਮੇਂ ਬਾਰੇ ਵਿਚਾਰ ਕਰ ਰਿਹਾ ਸੀ। ਮੇਰੀ ਯੋਜਨਾ ਮੌਜੂਦਾ ਭੂਮਿਕਾ 'ਚ ਕੁਝ ਹੋਰ ਤਿਮਾਹੀਆਂ ਤੱਕ ਕੰਮ ਕਰਨ ਦੀ ਸੀ, ਤਾਂ ਜੋ ਵਾਲਮਾਰਟ ਨਾਲ ਸਮਝੌਤਾ ਅਸਾਨੀ ਨਾਲ ਨਿਪਟ ਸਕੇ। ਹਾਲਾਂਕਿ ਮੇਰਾ ਅਹੁਦਾ ਛੱਡਣ ਦਾ ਫੈਸਲਾ ਹੁਣ ਜਿਹੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਨਿੱਜੀ ਤੌਰ 'ਤੇ ਲਿਆ ਗਿਆ ਹੈ।