ਜੌਨਸਨ ਬੇਬੀ ਸ਼ੈਂਪੂ ਤੋਂ ਸਿਹਤ ਨੂੰ ਨੁਕਸਾਨ ਦਾ ਡਰ, ਯੂ. ਪੀ. 'ਚ ਲੱਗੀ ਰੋਕ

05/09/2019 2:24:04 PM

ਨਵੀਂ ਦਿੱਲੀ— ਜੌਨਸਨ ਬੇਬੀ ਸ਼ੈਂਪੂ 'ਤੇ ਉੱਤਰ ਪ੍ਰਦੇਸ਼ 'ਚ ਰੋਕ ਲਗਾ ਦਿੱਤੀ ਗਈ ਹੈ। ਇਸ ਦੀ ਜਾਂਚ 'ਚ ਫਾਰਮੇਡੀਹਾਈਡ ਰਸਾਇਣ ਹੋਣ ਦਾ ਪਤਾ ਲੱਗਾ ਸੀ, ਜਿਸ ਕਾਰਨ ਸਿਹਤ ਨੂੰ ਨੁਕਸਾਨ ਹੋਣ ਦਾ ਖਤਰਾ ਹੈ। ਉੱਤਰ ਪ੍ਰਦੇਸ਼ (ਯੂ. ਪੀ.) ਦੇ ਲਖਨਾਊ 'ਚ ਖੁਰਾਕ ਸੁਰੱਖਿਆ ਤੇ ਡਰੱਗ ਕੰਟਰੋਲ (ਐੱਫ. ਐੱਸ. ਡੀ. ਏ.) ਦੀ ਟੀਮ ਨੇ 7 ਹੋਰ ਨਮੂਨੇ ਜਾਂਚ ਲਈ ਲਏ ਹਨ। ਹਾਲ ਹੀ 'ਚ 'ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ' ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਜੌਨਸਨ ਬੇਬੀ ਸ਼ੈਂਪੂ ਦੀ ਵਿਕਰੀ ਰੋਕਣ ਤੇ ਦੁਕਾਨਾਂ ਤੋਂ ਇਨ੍ਹਾਂ ਨੂੰ ਹਟਾਉਣ ਲਈ ਕਿਹਾ ਸੀ।
 

 

ਰਾਜਸਥਾਨ ਡਰੱਗ ਕੰਟਰੋਲ ਸੰਸਥਾ ਨੇ ਜੌਨਸਨ ਬੇਬੀ ਸ਼ੈਂਪੂ ਦੇ ਨਮੂਨਿਆਂ ਦੀ ਜਾਂਚ ਕੀਤੀ ਸੀ। ਉਸ ਨੇ ਕਿਹਾ ਸੀ ਕਿ ਇਸ 'ਚ 'ਹਾਨੀਕਾਰਕ ਤੱਤ' ਹਨ, ਜਿਨ੍ਹਾਂ ਨਾਲ ਗੰਭੀਰ ਬੀਮਾਰੀ ਹੋ ਸਕਦੀ ਹੈ। ਰਿਪੋਰਟਾਂ ਮੁਤਾਬਕ, ਰਾਜਸਥਾਨ ਨੂੰ ਸ਼ੈਂਪੂ ਕੰਪਨੀ ਦੇ ਲਖਨਊ ਸਟੋਰ ਤੋਂ ਭੇਜੇ ਗਏ ਸਨ। ਇਸ ਵਿਸ਼ੇਸ਼ ਬੈਚ ਦੇ ਉਤਪਾਦ ਬਾਜ਼ਾਰ ਤੋਂ ਕੰਪਨੀ ਨੂੰ ਵਾਪਸ ਲੈਣੇ ਹਨ। ਇਨ੍ਹਾਂ ਦੀ ਵਿਕਰੀ 'ਤੇ ਰੋਕ ਲਾ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ, ਹੁਣ ਸ਼ੈਂਪੂ, ਬੇਬੀ ਆਇਲ, ਮਸਾਜ ਆਇਲ, ਮੌਇਸ਼ਚਰਾਈਜਰ, ਫੇਸ ਕ੍ਰੀਮ ਸਮੇਤ ਸੱਤ ਨਮੂਨੇ ਜਾਂਚ ਲਈ ਭੇਜੇ ਜਾਣਗੇ।
ਜ਼ਿਕਰਯੋਗ ਹੈ ਕਿ ਫਾਰਮੇਡੀਹਾਈਡ ਰਸਾਇਣ ਨੂੰ 'ਕੈਂਸਰ ਰਿਸਰਚ ਕੌਮਾਂਤਰੀ ਏਜੰਸੀ (ਆਈ. ਏ. ਆਰ. ਸੀ.)' ਮੁਨੱਖ ਲਈ ਖਤਰਨਾਕ ਦੱਸਦੀ ਹੈ। 2011 'ਚ ਫੋਰਬਸ ਪੱਤਰਿਕਾ 'ਚ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ, ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਨੇ ਜੂਨ 2011 'ਚ ਮਨੁੱਖੀ ਕੈਂਸਰਾਂ ਦੀ ਸੂਚੀ 'ਚ ਫਾਰਮੇਡੀਹਾਈਡ ਨੂੰ ਸ਼ਾਮਲ ਕੀਤਾ ਸੀ।