ਕਿਸਾਨ ਅੰਦੋਲਨ : ਜਿਓ ਦੀ ਸ਼ਿਕਾਇਤ, ਝੂਠ ਫੈਲਾ ਰਹੇ ਵੋਡਾ-IDEA ਤੇ AIRTEL

12/14/2020 7:56:24 PM

ਨਵੀਂ ਦਿੱਲੀ— ਰਿਲਾਇੰਸ ਜਿਓ ਨੇ ਟੈਲੀਕਾਮ ਰੈਗੂਲੇਟਰ ਨੂੰ ਕਿਸਾਨ ਅੰਦੋਲਨ ਵਿਚਕਾਰ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ 'ਤੇ 'ਅਨੈਤਿਕ' ਤਰੀਕਿਆਂ ਦਾ ਸਹਾਰਾ ਲੈਣ ਦਾ ਦੋਸ਼ ਲਾਉਂਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਓ ਨੇ ਸ਼ਿਕਾਇਤ ਕੀਤੀ ਹੈ ਕਿ ਗਾਹਕਾਂ ਨੂੰ ਰਿਝਾਉਣ ਲਈ ਇਹ ਗਲਤ ਅਫਵਾਹਾਂ ਫੈਲਾ ਰਹੇ ਹਨ ਕਿ ਜਿਓ ਨੂੰ ਖੇਤੀ ਬਿੱਲਾਂ ਤੋਂ ਫਾਇਦਾ ਹੋਵੇਗਾ।

ਕਿਹਾ ਜਾ ਰਿਹਾ ਹੈ ਕਿ 11 ਦਸੰਬਰ ਨੂੰ ਟਰਾਈ ਨੂੰ ਲਿਖੇ ਪੱਤਰ 'ਚ ਇਹ ਸ਼ਿਕਾਇਤ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਉੱਤਰੀ ਭਾਰਤੀ ਦੇ ਵੱਖ-ਵੱਖ ਹਿੱਸਿਆਂ 'ਚ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਅਨੈਤਿਕ ਰਸਤੇ ਅਪਣਾ ਰਹੇ ਹਨ।


ਜਿਓ ਨੇ ਕਿਹਾ ਹੈ ਕਿ ਕਿਸਾਨ ਅੰਦਲੋਨ ਦੀ ਆੜ 'ਚ ਫਾਇਦਾ ਲੈਣ ਲਈ ਕੰਪਨੀਆਂ ਝੂਠਾ ਪ੍ਰਚਾਰ ਕਰ ਰਹੀਆਂ ਹਨ। ਜਿਓ ਦਾ ਕਹਿਣਾ ਹੈ ਕਿ 28 ਸਤੰਬਰ ਨੂੰ ਵੀ ਉਸ ਨੇ ਟਰਾਈ ਨੂੰ ਪੱਤਰ ਲਿਖ ਕੇ ਇਤਰਾਜ਼ ਪ੍ਰਗਟ ਕੀਤਾ ਸੀ ਪਰ ਇਸ ਦੇ ਬਾਵਜੂਦ ਦੋਵੇਂ ਕੰਪਨੀਆਂ ਕਾਨੂੰਨ ਨੂੰ ਦਰਕਿਨਾਰ ਕਰਦੇ ਹੋਏ ਨਕਾਰਾਤਮਕ ਪ੍ਰਚਾਰ 'ਤੇ ਕਾਇਮ ਹਨ।

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਸਕੱਤਰ ਐੱਸ. ਕੇ. ਗੁਪਤਾ ਨੂੰ ਲਿਖੇ ਪੱਤਰ 'ਚ ਜਿਓ ਨੇ ਕਿਹਾ ਕਿ ਵੋਡਾਫੋਨ ਆਈਡੀਆ ਅਤੇ ਭਾਰਤੀ ਏਅਰਟੈੱਲ ਆਪਣੇ ਕਰਮਚਾਰੀਆਂ, ਏਜੰਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੇ ਮਾਧਿਅਮ ਨਾਲ ਇਹ ਝੂਠ ਫੈਲਾ ਰਹੇ ਹਨ ਅਤੇ ਲੋਕਾਂ ਨੂੰ ਜਿਓ ਨੰਬਰ ਉਨ੍ਹਾਂ ਦੇ ਨੈੱਟਵਰਕ 'ਚ ਤਬਦੀਲ ਕਰਨ ਲਈ ਇਹ ਕਹਿ ਉਕਸਾਇਆ ਜਾ ਰਿਹਾ ਹੈ ਕਿ ਇਸ ਨਾਲ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਮਿਲੇਗਾ। ਰਿਲਾਇੰਸ ਜਿਓ ਨੇ ਇਸ ਸਬੰਧ 'ਚ ਟਰਾਈ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Sanjeev

This news is Content Editor Sanjeev