ਜਿਓ ਦੇ ਗਾਹਕਾਂ ਨੂੰ ''ਸੌਗਾਤ'', Airtel ਤੇ Voda-Idea ਨੂੰ ਮਹਿੰਗਾ ਪਵੇਗਾ ਪ੍ਰਾਈਸ ਵਾਰ

01/19/2019 1:28:29 PM

ਨਵੀਂ ਦਿੱਲੀ— ਰਿਲਾਇੰਸ ਜਿਓ ਦੇ ਗਾਹਕਾਂ ਲਈ ਵੱਡੀ ਰਾਹਤ ਹੈ ਕਿਉਂਕਿ ਟੈਰਿਫ ਦੇ ਮੋਰਚੇ 'ਤੇ ਮੁਕੇਸ਼ ਅੰਬਾਨੀ ਆਪਣੇ ਵਿਰੋਧੀਆਂ ਨੂੰ ਕੋਈ ਰਾਹਤ ਦੇਣ ਦੇ ਮੂਡ 'ਚ ਨਹੀਂ ਹਨ। ਜਿਓ ਦਾ ਪ੍ਰਾਈਸ ਵਾਰ ਜਾਰੀ ਰਹੇਗਾ, ਜਿਸ ਨਾਲ ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਰਿਲਾਇੰਸ ਜਿਓ ਦਾ ਰੀਚਾਰਜ ਪੈਕੇਜ ਮਹਿੰਗੇ ਕਰਨ ਦਾ ਕੋਈ ਇਰਾਦਾ ਨਹੀਂ ਹੈ। ਕੰਪਨੀ ਦਾ ਕਹਿਣਾ ਹੈ ਕਿ ਮੌਜੂਦਾ ਟੈਰਿਫ 'ਤੇ ਹੀ ਉਸ ਦੀ ਕਮਾਈ ਬਿਹਤਰ ਹੋ ਰਹੀ ਹੈ ਅਤੇ ਗਾਹਕਾਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਲਈ ਰੀਚਾਰਜ ਮਹਿੰਗੇ ਕਰਨ ਦਾ ਕੋਈ ਕਾਰਨ ਨਹੀਂ ਬਣਦਾ ਹੈ। ਜਿਓ ਦੇ ਇਸ ਕਦਮ ਨਾਲ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਨੂੰ ਹੋਰ ਝਟਕੇ ਲੱਗਣਗੇ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਿਓ ਦੀ ਨਜ਼ਰ ਗਾਹਕਾਂ ਦੀ ਗਿਣਤੀ ਵਧਾਉਣ 'ਤੇ ਹੈ। ਇਸ ਲਈ ਉਹ ਦੂਜੀਆਂ ਮੋਬਾਇਲ ਕੰਪਨੀਆਂ ਦੀ ਤਰ੍ਹਾਂ ਪੈਕੇਜ ਮਹਿੰਗੇ ਨਹੀਂ ਕਰੇਗੀ।

ਗੋਲਡਮੈਨ ਸਾਕਸ ਦੇ ਇਕ ਵਿਸ਼ਲੇਸ਼ਕ ਨੇ ਕਿਹਾ ਕਿ ਜਿਓ ਦਾ ਕਹਿਣਾ ਹੈ ਕਿ ਉਸ ਦਾ ਮੌਜੂਦਾ ਟੈਰਿਫ ਅਤੇ ਗਾਹਕਾਂ ਦੀ ਵਧਦੀ ਗਿਣਤੀ ਨਾਲ ਛੇੜਛਾੜ ਕਰਨ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਉਹ ਹੋਰ ਗਾਹਕਾਂ ਨੂੰ ਜੋੜਨਾ ਚਾਹੁੰਦੀ ਹੈ। ਜਿਓ ਦਾ ਟੀਚਾ 40 ਕਰੋੜ ਗਾਹਕਾਂ ਨੂੰ ਨਾਲ ਜੋੜਨਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਤਕ ਜਿਓ ਇਹ ਮਕਸਦ ਹਾਸਲ ਨਹੀਂ ਕਰ ਲੈਂਦੀ ਤਦ ਤਕ ਵੋਡਾਫੋਨ-ਆਈਡੀਆ ਅਤੇ ਭਾਰਤੀ ਏਅਰਟੈੱਲ ਦੀ ਆਮਦਨੀ 'ਚ ਕੋਈ ਸੁਧਾਰ ਹੋਣ ਦੀ ਉਮੀਦ ਨਹੀਂ ਹੈ। ਮੌਜੂਦਾ ਸਮੇਂ ਜਿਓ ਦੇ ਗਾਹਕਾਂ ਦੀ ਗਿਣਤੀ 28 ਕਰੋੜ ਤੋਂ ਜ਼ਿਆਦਾ ਹੈ।

 

ਮਾਰਚ ਤਕ 30 ਕਰੋੜ ਤੋਂ ਪਾਰ ਹੋ ਜਾਣਗੇ ਜਿਓ ਦੇ ਗਾਹਕ


ਮਾਹਰਾਂ ਮੁਤਾਬਕ ਜਿਓ ਨਾਲ ਹਰ ਮਹੀਨੇ ਲਗਭਗ 90 ਲੱਖ ਤੋਂ ਇਕ ਕਰੋੜ ਵਿਚਕਾਰ ਨਵੇਂ ਗਾਹਕ ਜੁੜ ਰਹੇ ਹਨ। ਇਸ ਹਿਸਾਬ ਨਾਲ 31 ਮਾਰਚ ਤਕ ਉਸ ਦੇ ਗਾਹਕਾਂ ਦੀ ਗਿਣਤੀ 30.2 ਕਰੋੜ ਤਕ ਪਹੁੰਚ ਜਾਵੇਗੀ। ਇਸ ਦੇ ਮੁਕਾਬਲੇ ਨਵੰਬਰ ਦੇ ਅੰਤ ਤਕ ਏਅਰਟੈੱਲ ਕੋਲ ਲਗਭਗ 34.2 ਕਰੋੜ ਅਤੇ ਵੋਡਾਫੋਨ-ਆਈਡੀਆ ਕੋਲ ਸਿਰਫ 42.1 ਕਰੋੜ ਗਾਹਕ ਸਨ। ਪਿਛਲੇ ਕੁਝ ਮਹੀਨਿਆਂ ਤੋਂ ਏਅਰਟੈੱਲ ਦੇ ਗਾਹਕ ਘਟਣ ਲੱਗੇ ਹਨ, ਜਦੋਂ ਕਿ ਵੋਡਾਫੋਨ-ਆਈਡੀਆ ਦੇ ਗਾਹਕ ਤੇਜ਼ੀ ਨਾਲ ਘੱਟ ਰਹੇ ਹਨ। ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਪੈਕੇਜ ਮਹਿੰਗੇ ਹੋਣ ਅਤੇ ਹਾਲ ਹੀ 'ਚ ਇਨ੍ਹਾਂ ਕੰਪਨੀਆਂ ਵੱਲੋਂ ਗਾਹਕਾਂ ਲਈ ਘੱਟੋ-ਘੱਟੋ 35 ਰੁਪਏ ਦਾ ਰੀਚਾਰਜ ਜ਼ਰੂਰੀ ਕੀਤੇ ਜਾਣ ਕਾਰਨ ਲੋਕ ਜਿਓ ਦਾ ਰੁਖ ਕਰ ਰਹੇ ਹਨ। ਏਅਰਟੈੱਲ ਅਤੇ ਆਈਡੀਆ ਜਿੱਥੇ 499 ਰੁਪਏ 'ਚ 82 ਦਿਨਾਂ ਲਈ ਰੋਜ਼ਾਨਾ 2-ਜੀਬੀ ਡਾਟਾ ਦਿੰਦੇ ਹਨ, ਉੱਥੇ ਹੀ ਜਿਓ 448 ਰੁਪਏ 'ਚ 84 ਦਿਨਾਂ ਤਕ 2ਜੀਬੀ ਡਾਟਾ ਦੇ ਰਿਹਾ ਹੈ।