ਜਿਓ ਵਿਸ਼ਵ ਦਾ 5ਵਾਂ ਸਭ ਤੋਂ ਮਜ਼ਬੂਤ ਬ੍ਰਾਂਡ ਬਣਿਆ, ਐਪਲ-ਐਮਾਜ਼ੋਨ ਪਛਾੜੇ

01/28/2021 3:15:31 PM

ਨਵੀਂ ਦਿੱਲੀ- ਬ੍ਰਾਂਡ ਫਾਈਨੈਂਸ ਗਲੋਬਲ-500 ਦੀ ਸੂਚੀ ਵਿਚ ਪਹਿਲੀ ਵਾਰ ਸ਼ਾਮਲ ਹੋਏ ਰਿਲਾਇੰਸ ਜਿਓ ਨੂੰ 5ਵੀਂ ਰੈਂਕਿੰਗ ਮਿਲੀ ਹੈ। ਇਸ ਸੂਚੀ ਵਿਚ ਵਿਸ਼ਵ ਦੇ ਸਭ ਤੋਂ ਮਜ਼ਬੂਤ ਬ੍ਰਾਂਡਜ਼ ਦੀ ਦਰਜਾਬੰਦੀ ਕੀਤੀ ਜਾਂਦੀ ਹੈ। ਐਪਲ, ਐਮਾਜ਼ੋਨ, ਅਲੀਬਾਬਾ ਅਤੇ ਪੇਪਸੀ ਵਰਗੀਆਂ ਦਿੱਗਜ ਕੰਪਨੀਆਂ ਨੂੰ ਰਿਲਾਇੰਸ ਜਿਓ ਨੇ ਪਿੱਛੇ ਛੱਡ ਦਿੱਤਾ ਹੈ। ਦੁਨੀਆ ਦੇ ਸਭ ਤੋਂ ਮਜ਼ਬੂਤ ਪਹਿਲੇ 10 ਬ੍ਰਾਂਡਜ਼ ਵਿਚ ਰਿਲਾਇੰਸ ਜਿਓ ਭਾਰਤ ਤੋਂ ਇਕੱਲਾ ਨਾਂ ਹੈ। ਬ੍ਰਾਂਡ ਦੀ ਮਜਬੂਤੀ ਦੇ ਮਾਮਲੇ ਵਿਚ ਰਿਲਾਇੰਸ ਜਿਓ ਨੇ 100 ਵਿਚੋਂ 91.7 ਬ੍ਰਾਂਡ ਸਟ੍ਰੈਂਥ ਇੰਡੈਕਸ (ਬੀ. ਐੱਸ. ਆਈ.) ਅੰਕ ਅਤੇ AAA+ ਦੀ ਦਰਜਾਬੰਦੀ ਹਾਸਲ ਕੀਤੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਓ ਦੂਰਸੰਚਾਰ ਖੇਤਰ ਵਿਚ ਬ੍ਰਾਂਡ ਵੈਲਿਊ ਦੇ ਲਿਹਾਜ ਨਾਲ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬ੍ਰਾਂਡ ਹੈ। ਜਿਓ ਦੀ ਬ੍ਰਾਂਡ ਵੈਲਿਊ 4.8 ਬਿਲੀਅਨ ਡਾਲਰ ਹੋ ਗਈ ਹੈ।

2016 ਵਿਚ ਜਿਓ ਭਾਰਤੀ ਦੂਰਸੰਚਾਰ ਖੇਤਰ ਵਿਚ ਉਤਰਿਆ ਸੀ। 40 ਕਰੋੜ ਤੋਂ ਵੱਧ ਗਾਹਕਾਂ ਨਾਲ ਅੱਜ ਜਿਓ ਭਾਰਤ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਮੋਬਾਇਲ ਨੈੱਟਵਰਕ ਸੰਚਾਲਕ ਬਣ ਚੁੱਕਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਓ ਨੇ ਭਾਰਤੀ ਬਾਜ਼ਾਰਾਂ ਵਿਚ ਕਰੋੜਾਂ ਗਾਹਕਾਂ ਤੱਕ ਸਸਤੀ ਦਰ 'ਤੇ 4ਜੀ ਨੈੱਟਵਰਕ ਪਹੁੰਚਾਇਆ ਹੈ। ਜਿਓ ਨੇ ਭਾਰਤੀਆਂ ਦੀ ਡਾਟਾ ਇਸਤੇਮਾਲ ਕਰਨ ਦੀ ਆਦਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਿਲਾਇੰਸ ਜਿਓ ਬ੍ਰਾਂਡ ਵਿਚ ਕੋਈ ਕਮੀ ਜਾਂ ਕਮਜ਼ੋਰੀ ਦਿਖਾਈ ਨਹੀਂ ਦਿਸਦੀ। ਉੱਥੇ ਹੀ, ਬ੍ਰਾਂਡ ਫਾਈਨੈਂਸ ਵੱਲੋਂ ਘੋਸ਼ਿਤ ਸਭ ਤੋਂ ਮਜ਼ਬੂਤ ਬ੍ਰਾਂਡ ਵੀ-ਚੈਟ ਹੈ, ਜਿਸ ਨੇ 100 ਵਿਚੋਂ 95.4 ਦਾ ਬ੍ਰਾਂਡ ਸਟ੍ਰੈਂਥ ਇੰਡੈਕਸ (ਬੀ. ਐੱਸ. ਆਈ.) ਸਕੋਰ ਹਾਸਲ ਕੀਤਾ ਹੈ। ਆਟੋ ਦਿੱਗਜ ਫਰਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਰੂਸੀ ਬੈਂਕ ਸਬੇਰ ਅਤੇ ਕੋਕਾ-ਕੋਲਾ ਦੁਨੀਆ ਵਿਚ ਤੀਜੇ ਅਤੇ ਚੌਥੇ ਸਭ ਤੋਂ ਮਜ਼ਬੂਤ ਬ੍ਰਾਂਡ ਹਨ।

Sanjeev

This news is Content Editor Sanjeev