ਗਹਿਣਾ ਇੰਡਸਟਰੀ ਨੂੰ ਮਿਲ ਸਕਦੀ ਹੈ ਰਾਹਤ, IGST ਹੋ ਸਕਦੈ ਮਾਫ!

06/24/2019 10:33:13 AM

ਨਵੀਂ ਦਿੱਲੀ— ਸਰਕਾਰ ਹੀਰਾ ਗਹਿਣਾ ਬਰਾਮਦਕਾਰਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ। ਜਾਣਕਾਰੀ ਮੁਤਾਬਕ, ਸਰਕਾਰ ਤਿੰਨ ਫੀਸਦੀ ਏਕੀਕ੍ਰਿਤ ਵਸਤੂ ਤੇ ਸੇਵਾ ਟੈਕਸ (ਆਈ. ਜੀ. ਐੱਸ. ਟੀ.) ਮਾਫ ਕਰਨ ਦੀ ਯੋਜਨਾ ਬਣਾ ਰਹੀ ਹੈ।

 

ਰਿਵਾਇਤੀ ਤੌਰ 'ਤੇ ਬਰਾਮਦਕਾਰ ਵਿਦੇਸ਼ਾਂ 'ਚ ਆਯੋਜਿਤ ਕੀਤੀ ਜਾਣ ਵਾਲੀ ਪ੍ਰਦਰਸ਼ਨੀ 'ਚ ਦਿਖਾਉਣ ਲਈ ਕਾਫੀ ਮਾਤਰਾ 'ਚ ਹੀਰੇ ਦੇ ਗਹਿਣੇ ਲੈ ਜਾਂਦੇ ਹਨ, ਜਿਸ ਲਈ ਉਨ੍ਹਾਂ ਨੂੰ ਤਿੰਨ ਫੀਸਦੀ ਆਈ. ਜੀ. ਐੱਸ. ਟੀ. ਭਰਨਾ ਪੈਂਦਾ ਹੈ। ਇਨ੍ਹਾਂ 'ਚੋਂ ਕੁਝ ਤਾਂ ਪ੍ਰਦਰਸ਼ਨੀ 'ਚ ਹੀ ਵਿਕ ਜਾਂਦੇ ਹਨ ਜਦੋਂ ਕਿ ਬਾਕੀ ਭਾਰਤ ਵਾਪਸ ਲਿਆਏ ਜਾਂਦੇ ਹਨ ਤੇ ਵਾਪਸੀ 'ਤੇ ਵੀ ਇਨ੍ਹਾਂ ਨੂੰ 3 ਫੀਸਦੀ ਟੈਕਸ ਚੁਕਾਉਣਾ ਪੈਂਦਾ ਹੈ, ਯਾਨੀ ਵਪਾਰੀ ਕੁੱਲ ਮਿਲਾ ਕੇ 6 ਫੀਸਦੀ ਆਈ. ਜੀ. ਐੱਸ. ਟੀ. ਦਾ ਭੁਗਤਾਨ ਕਰਦੇ ਹਨ। 
ਇਸ ਕਾਰਨ ਬਰਾਮਦਕਾਰਾਂ ਨੂੰ ਸੀਮਤ ਮਾਤਰਾਂ 'ਚ ਹੀ ਗਹਿਣੇ ਵਿਦੇਸ਼ਾਂ 'ਚ ਪ੍ਰਦਰਸ਼ਿਤ ਕਰਨ ਲਈ ਲੈ ਕੇ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਕਾਮਰਸ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਵਿੱਤ ਮੰਤਰਾਲਾ ਨੂੰ ਕੌਮਾਂਤਰੀ ਆਯੋਜਨਾਂ ਤੋਂ ਭਾਰਤ ਲਿਆਂਦੇ ਗਏ ਬਿਨਾਂ ਵਿਕੇ ਹੀਰੇ ਦੇ ਗਹਿਣਿਆਂ 'ਤੇ ਆਈ. ਜੀ. ਐੱਸ. ਟੀ. ਮਾਫ ਕਰਨ ਦੀ ਸਿਫਾਰਸ਼ ਕੀਤੀ ਹੈ। ਜਲਦ ਹੀ ਇਸ ਸੰਬੰਧ 'ਚ ਕੁਝ ਪ੍ਰਗਤੀ ਹੋਣ ਦੀ ਉਮੀਦ ਹੈ।ਇਸ ਦੋਹਰੀ ਮਾਰ ਤੋਂ ਛੋਟ ਮਿਲਣ ਨਾਲ ਭਾਰਤੀ ਬਰਾਮਦਕਾਰਾਂ ਨੂੰ ਵਿਦੇਸ਼ਾਂ 'ਚ ਪ੍ਰਦਰਸ਼ਨੀ ਲਈ ਵੱਡੀ ਮਾਤਰਾ 'ਚ ਗਹਿਣੇ ਲੈ ਕੇ ਜਾਣ 'ਚ ਮਦਦ ਮਿਲੇਗੀ, ਜਿਸ ਦੇ ਨਤੀਜੇ ਵਜੋਂ ਭਾਰਤ ਤੋਂ ਕੁੱਲ ਬਰਾਮਦ 'ਚ ਵਾਧਾ ਹੋਵੇਗਾ।