ਜੈੱਟ ਏਅਰਵੇਜ਼ ਦਾ ਉਲਟਾ ਪਿਆ ਏਤਿਹਾਦ 'ਤੇ ਦਾਅ

03/25/2019 10:26:08 AM

ਨਵੀਂ ਦਿੱਲੀ — ਸਾਲ 2016 'ਚ ਏਤਿਹਾਦ ਨੇ ਦੁਨੀਆ ਭਰ ਦੇ 17 ਸ਼ਹਿਰਾਂ ਵਿਚ ਫੈਸ਼ਨ ਵੀਕ ਨੂੰ ਸਮਰਥਨ ਦੇਣ ਲਈ ਮਾਰਕੀਟਿੰਗ ਯੋਜਨਾ ਬਣਾਈ ਸੀ ਅਤੇ ਆਪਣੀ ਸਾਂਝੇਦਾਰ ਹਵਾਈ ਕੰਪਨੀ ਨੂੰ ਸਹਿ-ਪ੍ਰਯੋਜਕ(ਕੋ-ਸਪਾਂਸਰ) ਬਣਾਉਣ ਦਾ ਸੱਦਾ ਦਿੱਤਾ ਸੀ। ਏਅਰ ਬਰਲਿਨ ਨੇ ਮਰਸੀਡੀਜ਼ ਬੇਂਜ ਫੈਸ਼ਨ ਵੀਕ ਦੀ ਮੇਜ਼ਬਾਨੀ ਕਰਨ ਲਈ ਏਤਿਹਾਦ ਨਾਲ ਹੱਥ ਮਿਲਾਇਆ ਅਤੇ ਮਿਲਾਨ ਫੈਸ਼ਨ ਵੀਕ ਲਈ ਅਲਿਟਾਲਿਆ ਅੱਗੇ ਆਈ। ਜੈੱਟ ਏਅਰਵੇਜ਼ ਨੂੰ ਲੈਕਮੇ ਫੈਸ਼ਨ ਵੀਕ ਦੀ ਸਹਿ-ਪ੍ਰਯੋਜਕ ਦੇ ਤੌਰ 'ਤੇ ਸੱਦਾ ਦਿੱਤਾ ਗਿਆ ਪਰ ਜੈੱਟ ਦੇ ਮੁੱਖ ਕਾਰਜਕਾਰੀ ਨਰੇਸ਼ ਗੋਇਲ ਨੇ ਇਸ ਤੋਂ ਇਨਕਾਰ ਕਰ ਦਿੱਤਾ।

ਇਹ ਜਾਣਕਾਰੀ ਜੈੱਟ ਦੇ ਇਕ ਅਧਿਕਾਰੀ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਕੰਪਨੀਆਂ ਵਿਚ 2013 ਤੋਂ ਹੀ ਰਿਸ਼ਤਿਆਂ 'ਚ ਤਣਾਅ ਦੇਖਿਆ ਜਾ ਰਿਹਾ ਹੈ ਜਦੋਂ ਏਤਿਹਾਦ ਨੇ ਜੈੱਟ ਵਿਚ ਹਿੱਸੇਦਾਰੀ ਖਰੀਦੀ ਸੀ। ਵਰਤਮਾਨ ਹਾਲਾਤ ਵਿਚ ਏਤਿਹਾਦ ਨੇ ਸੰਕਟ 'ਚ ਫਸੀ ਹਵਾਈ ਕੰਪਨੀ ਨੂੰ ਮਦਦ ਕਰਨ ਦੀ ਬਜਾਏ ਆਪਣੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ। 
ਏਤਿਹਾਦ ਨੇ ਸਾਲ 2013 'ਚ ਜੈੱਟ ਵਿਚ 39.7 ਕਰੋੜ ਡਾਲਰ 'ਚ 24 ਫੀਸਦੀ ਹਿੱਸੇਦਾਰੀ ਖਰੀਦੀ ਸੀ । ਇਸ ਤੋਂ ਇਲਾਵਾ ਉਸਨੇ ਗੋਇਲ ਦੀ ਸਹਾਇਤਾ ਲਈ ਉਸਦੇ ਹੀਥ੍ਰੋ ਹਵਾਈ ਅੱਡੇ ਦੇ ਸਲਾਟ ਖਰੀਦਣ ਲਈ 7 ਕਰੋੜ ਡਾਲਰ ਖਰਚ ਕੀਤੇ। ਜੈੱਟ ਪ੍ਰਿਵੀਲੇਜ 'ਚ 50.1 ਫੀਸਦੀ ਦੀ ਹਿੱਸੇਦਾਰੀ ਖਰੀਦਣ ਵਿਚ ਵੀ ਏਤਿਹਾਦ ਨੇ 15 ਕਰੋੜ ਡਾਲਰ ਦਾ ਨਿਵੇਸ਼ ਕੀਤਾ ਹੈ।
ਪਰ ਜੈੱਟ ਫਿਰ ਤੋਂ ਕਰਜ਼ੇ ਦੇ ਭਾਰ ਹੇਠ ਆ ਗਈ ਅਤੇ ਉਸਦਾ ਕਰਜ਼ਾ ਵਧ ਕੇ 8,000 ਕਰੋੜ ਹੋ ਗਿਆ ਅਤੇ ਕੰਪਨੀ ਭੁਗਤਾਨ ਕਰਨ 'ਚ ਚੂਕ ਕਰਨ ਲੱਗੀ। ਹਾਲਾਂਕਿ ਇਸ ਵਾਰ ਏਤਿਹਾਦ ਨੇ ਮਦਦ ਲਈ ਹੱਥ ਅੱਗੇ ਨਹੀਂ ਵਧਾਇਆ। ਏਤਿਹਾਦ ਨੇ ਜੈੱਟ ਦੇ ਕਰਜ਼ਦਾਤਿਆਂ ਨੂੰ ਪਿਛਲੇ ਹਫਤੇ ਦੱਸਿਆ ਕਿ ਉਹ ਜੈੱਟ ਵਿਚ ਆਪਣੀ ਹਿੱਸੇਦਾਰੀ 17 ਫੀਸਦੀ 'ਤੇ ਵੇਚ ਰਹੀ ਹੈ।

ਭਾਰਤੀ ਹਵਾਈ ਖੇਤਰ ਵਿਚ 2013-14 'ਚ ਏਤਿਹਾਦ ਦੀ ਹਿੱਸੇਦਾਰੀ ਸਿਰਫ 2.2 ਫੀਸਦੀ ਸੀ ਜਦੋਂਕਿ ਐਮੀਰੇਟਸ ਦੀ ਹਿੱਸੇਦਾਰੀ 11 ਫੀਸਦੀ ਸੀ। ਏਤਿਹਾਦ ਦੀ ਯੋਜਨਾ ਭਾਰਤ-ਪੱਛਮੀ ਏਸ਼ਿਆਈ ਬਜ਼ਾਰ ਵਿਚ ਆਕਰਸ਼ਕ ਵਿਕਲਪ ਦੇ ਕੇ ਐਮਿਰੇਟਸ ਦੀ ਬਜ਼ਾਰ ਹਿੱਸੇਦਾਰੀ ਵਿਚ ਸੇਂਧ ਲਗਾਉਣ ਦੀ ਸੀ। ਇਸ ਯੋਜਨਾ ਦੇ ਤਹਿਤ ਭਾਰਤ ਤੋਂ ਅਮਰੀਕਾ, ਯੂਰਪ ਜਾਂ ਅਫਰੀਕਾ ਲਈ ਉਡਾਣ ਭਰਨ ਵਾਲੇ ਯਾਤਰੀਆਂ ਨੂੰ ਏਤਿਹਾਦ ਦੇ ਸਾਂਝੇਦਾਰਾਂ ਏਅਰ ਬਰਲਿਨ ਅਤੇ ਡਾਰਵਿਨ ਏਅਰਲਾਈਨ ਐਸ ਆਦਿ ਦੇ ਨਾਲ ਦੁਬਈ ਦੀ ਜਗ੍ਹਾ ਆਬੂਧਾਬੀ ਤੋਂ ਹੋ ਕੇ ਯਾਤਰਾ ਕਰਨ ਦੀ ਸੀ। ਗੋਇਲ ਨੇ ਸਿਆਸੀ ਪਹੁੰਚ ਦਾ ਲਾਭ ਲੈਂਦੇ ਹੋਏ ਦੋਵਾਂ ਕੰਪਨੀਆਂ ਦੇ ਲਾਭ ਲਈ ਨਿਯਮਾਂ ਵਿਚ ਬਦਲਾਅ ਕਰਵਾਏ।

ਉਨ੍ਹਾਂ ਨੇ ਹਵਾਈ ਮੰਤਰਾਲੇ ਨੂੰ ਭਾਰਤ ਅਤੇ ਆਬੂਧਾਬੀ ਦੇ ਵਿਚਕਾਰ ਦੁਵੱਲੀ ਉਡਾਣ ਨੂੰ 13,300 ਸੀਟ ਪ੍ਰਤੀ ਮਹੀਨੇ ਤੋਂ 53,000 ਸੀਟ ਯਾਨੀ ਕਰੀਬ ਚਾਰ ਗੁਣਾ ਵਧਾਉਣ ਲਈ ਮਨ੍ਹਾ ਲਿਆ। 2015 ਤੱਕ ਜੈੱਟ ਮੁਨਾਫੇ'ਚ ਆ ਗਈ ਪੈਸੇ ਲਈ ਏਤਿਹਾਦ 'ਤੇ ਉਸਦੀ ਨਿਰਭਰਤਾ ਖਤਮ ਹੋ ਗਈ। ਦਸੰਬਰ 2015 ਤਿਮਾਹੀ ਵਿਚ ਜੈੱਟ ਨੇ 467 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਸੀ। ਦੂਜੇ ਪਾਸੇ ਜੂਨ 2017 ਤਿਮਾਹੀ ਵਿਚ ਏਤਿਹਾਦ ਦੀ ਭਾਰਤੀ ਅੰਤਰਰਾਸ਼ਟਰੀ ਉਡਾਣ ਬਜ਼ਾਰ ਹਿੱਸੇਦਾਰੀ ਵਧ ਕੇ 5.2 ਫੀਸਦੀ ਹੋ ਗਈ ਜਦੋਂਕਿ ਐਮੀਰੇਟਸ ਦੀ ਹਿੱਸੇਦਾਰੀ 10 ਫੀਸਦੀ ਸੀ। ਪਰ ਦਸੰਬਰ 2018 ਦੀ ਤਿਮਾਹੀ 'ਚ ਏਤਿਹਾਦ ਦੀ ਹਿੱਸੇਦਾਰੀ ਘਟ ਕੇ 3.3 ਫੀਸਦੀ ਰਹਿ ਗਈ। ਦੋਵੇਂ ਹਵਾਈ ਕੰਪਨੀਆਂ ਵਿਚ ਤਣਾਅ ਵਧਣ ਲੱਗੇ। ਗੋਇਲ ਸੁਤੰਰਤ ਰਹਿਣਾ ਚਾਹੁੰਦੇ ਸਨ ਜਦੋਂਕਿ ਏਤਿਹਾਦ ਜੈੱਟ ਦਾ ਕੰਟਰੋਲ ਸੰਭਾਲਨਾ ਚਾਹੁੰਦੀ ਸੀ ਅਤੇ ਚਾਹੁੰਦੀ ਸੀ ਕਿ ਗੋਇਲ ਉਸ ਦੇ ਹਿਸਾਬ ਨਾਲ ਕੰਮ ਕਰਨ।

ਸਿਖਰ ਟੀਮ ਦੀ ਅਗਵਾਈ ਏਤਿਹਾਦ ਦੇ ਕਰਮਚਾਰੀ ਕਰ ਰਹੇ ਸਨ ਅਤੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦੇ ਕਰਮਚਾਰੀ ਹਮੇਸ਼ਾ ਆਪਸ ਵਿਚ ਨੋਕ-ਝੋਂਕ ਹੁੰਦੀ ਰਹਿੰਦੀ ਸੀ।  2016 ਵਿਚ ਗੋਇਲ ਨੇ ਏਤਿਹਾਦ ਦੀ ਟੀਮ ਵਿਚ ਆਪਣੇ ਕਰਮਚਾਰੀ ਭਰ ਦਿੱਤੇ। ਆਬੂਧਾਬੀ ਦੇ ਜੈੱਟ ਏਅਰਵੇਜ਼ ਦੇ ਪ੍ਰਮੁੱਖ ਕੇਂਦਰ ਹੋਣ 'ਤੇ ਵੀ ਦੋਵਾਂ ਪੱਖਾਂ ਵਿਚ ਆਪਸੀ ਮਤਭੇਦ ਸੀ। ਏਤਿਹਾਦ ਦੀ ਵਿਸਥਾਰ ਯੋਜਨਾ ਸਫਲ ਨਹੀਂ ਰਹੀ ਅਤੇ ਇਸ ਦਾ ਨੁਕਸਾਨ ਵਧਦਾ ਗਿਆ।