ਜੈੱਟ ਏਅਰਵੇਜ਼ ਦੇ ਪਾਇਲਟਾਂ ਨੇ 1 ਅਪ੍ਰੈਲ ਤੋਂ ਹੜਤਾਲ 'ਤੇ ਜਾਣ ਦੀ ਦਿੱਤੀ ਚਿਤਾਵਨੀ

03/20/2019 12:33:50 PM

ਮੁੰਬਈ — ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਮੰਗਲਵਾਰ ਨੂੰ ਇਸ ਏਅਰਲਾਈਨ ਕੰਪਨੀ ਦੇ ਘਰੇਲੂ ਉਡਾਣਾਂ ਵਾਲੇ ਪਾਇਲਟਾਂ ਦੀ ਸੰਸਥਾ ਨੇ ਸਪੱਸ਼ਟ ਚਿਤਾਵਨੀ ਦੇ ਦਿੱਤੀ ਕਿ ਇਸ ਮਹੀਨੇ ਤਨਖਾਹ ਨਾ ਮਿਲੀ ਤਾਂ ਉਹ ਨੂੰ ਅਪ੍ਰੈਲ ਤੋਂ ਹੜਤਾਲ 'ਤੇ ਚਲੇ ਜਾਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜੈੱਟ ਨੇ ਲੀਜ਼ 'ਤੇ ਲਏ ਜਹਾਜ਼ਾਂ ਦੇ ਕਿਰਾਏ ਦਾ ਭੁਗਤਾਨ ਕਰਨ 'ਚ ਅਸਮਰੱਥ ਹੋਣ ਕਾਰਨ 6 ਹੋਰ ਜਹਾਜ਼ਾਂ ਨੂੰ ਸੇਵਾ ਤੋਂ ਹਟਾ ਲਿਆ। ਇਸ ਕਾਰਨ ਜੈੱਟ ਦੀਆਂ ਦੇਸ਼ ਭਰ ਵਿਚ ਕਈ ਫਲਾਈਟ ਰੱਦ ਹੋ ਗਈਆਂ। ਇਹ ਫੈਸਲਾ ਜੈੱਟ ਪਾਇਲਟ ਸੰਸਥਾ ਨੈਸ਼ਨਲ ਅਵੀਏਟਰਸ ਗਿਲਡ ਦੀ ਸਲਾਨਾ ਮੀਟਿੰਗ ਵਿਚ ਲਿਆ ਗਿਆ ਸੀ।

ਪਾਇਲਟ ਅਤੇ ਹੋਰ ਸਟਾਫ ਦੀ ਤਿੰਨ ਮਹੀਨੇ ਦੀ ਸੈਲਰੀ ਬਕਾਇਆ

ਇਸ ਦੌਰਾਨ ਕੰਪਨੀ ਦੇ ਜਹਾਜ਼-ਸੰਭਾਲ ਇੰਜੀਨੀਅਰਾਂ ਦੀ ਯੂਨੀਅਨ ਨੇ ਏਵੀਏਸ਼ਨ ਖੇਤਰ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ(DGCA) ਨੂੰ ਮੰਗਲਵਾਰ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਨੂੰ ਤਿੰਨ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈ ਅਤੇ ਫਲਾਈਟ ਦੀ ਸੁਰੱਖਿਆ ਖਤਰੇ 'ਚ ਹੈ। 

ਜੈੱਟ ਏਅਰਕ੍ਰਾਫਟ ਇੰਜੀਨੀਅਰਸ ਵੈਲਫੇਅਰ ਐਸੋਸੀਏਸ਼ਨ(JAMEWA) ਨੇ ਡੀਜੀਸੀਏ ਨੂੰ ਇਕ ਪੱਤਰ ਲਿਖਿਆ ਹੈ,'ਸਾਡੇ ਲਈ ਆਪਣੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਕਰਨਾ ਮੁਸ਼ਕਲ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਜਹਾਜ਼ ਇੰਜੀਨੀਅਰਾਂ ਦੀ ਮਨੋਵਿਗਿਆਨਕ ਸਥਿਤੀ 'ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਇਹ ਉਨ੍ਹਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ ਦੇਸ਼-ਵਿਦੇਸ਼ 'ਚ ਉਡਾਣ ਭਰਨ ਵਾਲੈ ਜੈੱਟ ਏਅਰਵੇਜ਼ ਦੇ ਜਹਾਜ਼ਾਂ ਦੀ ਸੁਰੱਖਿਆ ਜੋਖਮ 'ਚ ਹੈ।'

ਪੱਤਰ ਦੇ ਅਨੁਸਾਰ,' ਜਿਥੇ ਸੀਨੀਅਰ ਪ੍ਰਬੰਧਨ ਕਾਰੋਬਾਰ ਦੇ ਹੱਲ ਲਈ ਤੌਰ-ਤਰੀਕਿਆਂ ਦੀ ਭਾਲ ਕਰ ਰਹੇ ਹਨ ਉਥੇ ਅਸੀਂ ਇੰਜੀਨੀਅਰ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਦਬਾਅ 'ਚ ਹਾਂ ਅਤੇ ਖਾਸ ਤੌਰ 'ਤੇ ਸਾਨੂੰ ਤਿੰਨ ਮਹੀਨਿਆਂ ਦੀ ਤਨਖਾਹ ਹੀ ਨਹੀਂ ਮਿਲੀ ਹੈ। ਅਸੀਂ ਜਹਾਜ਼ਾਂ ਦੀ ਜਾਂਚ ਕਰਦੇ ਹਾਂ, ਉਨ੍ਹਾਂ ਦੀ ਮੁਰੰਮਤ ਕਰਦੇ ਹਾਂ ਅਤੇ ਇਹ ਪ੍ਰਮਾਣਿਤ ਕਰਦੇ ਹਾਂ ਕਿ ਜਹਾਜ਼ ਉਡਾਣ ਭਰਨ ਦੇ ਲਾਇਕ ਹੈ ਜਾਂ ਨਹੀਂ।'

ਲਗਾਤਾਰ ਗੰਭੀਰ ਹੁੰਦੇ ਜਾ ਰਹੇ ਹਾਲਾਤ

ਹਾਲਾਤ ਕਿੰਨੇ ਗੰਭੀਰ ਹੋ ਚੁੱਕੇ ਹਨ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੋਮਵਾਰ ਨੂੰ ਸਿਰਫ ਮੁੰਬਈ ਏਅਰਪੋਰਟ ਤੋਂ ਹੀ ਜੈੱਟ ਦੀਆਂ 100 ਫਲਾਈਟਸ ਰੱਦ ਕਰ ਦਿੱਤੀਆਂ ਗਈਆਂ। ਮੰਗਲਵਾਰ ਨੂੰ ਜੈੱਟ ਦੇ ਕੁੱਲ 119 ਜਹਾਜ਼ਾਂ ਵਿਚੋਂ ਸਿਰਫ 36 ਜਹਾਜ਼ ਹੀ ਉਡਾਣ ਭਰ ਸਕੇ ਸਨ। ਉਡਾਣਾਂ ਰੱਦ ਹੋਣ ਕਾਰਨ ਵੱਡੀ ਗਿਣਤੀ 'ਚ ਯਾਤਰੀ ਮੁੰਬਈ ਹਵਾਈ ਅੱਡੇ 'ਤੇ ਫੱਸ ਗਏ। ਇਨ੍ਹਾਂ ਵਿਚ ਵਪਾਰੀਆਂ ਤੋਂ ਲੈ ਕੇ ਵਿਗਿਆਨਕ ਵੀ ਸ਼ਾਮਲ ਸਨ। 

ਦੁੱਗਣੇ ਹੋਏ ਟਿਕਟ ਦੇ ਭਾਅ

ਅਚਾਨਕ ਰੱਦ ਹੋ ਰਹੀਆਂ ਉਡਾਣਾਂ ਕਾਰਨ ਜਹਾਜ਼ਾਂ 'ਚ ਯਾਤਰੀਆਂ ਲਈ ਜਗ੍ਹਾ ਘੱਟ ਪੈ ਰਹੀ ਹੈ, ਇਸ ਕਾਰਨ ਹਵਾਈ ਕਿਰਾਇਆ ਰਾਤੋ-ਰਾਤ ਵਧ ਗਿਆ। ਮੁੰਬਈ-ਦਿੱਲੀ, ਮੁੰਬਈ-ਬੈਂਗਲੁਰੂ, ਮੁੰਬਈ-ਕੋਲਕਾਤਾ ਅਤੇ ਮੁੰਬਈ-ਚੇਨਈ ਵਰਗੇ ਰੂਟਾਂ ਲਈ ਉਡਾਣ ਭਰਨ ਤੋਂ ਕੁਝ ਘੰਟੇ ਪਹਿਲਾਂ ਦੀਆਂ ਟਿਕਟਾਂ ਦੀ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀਆਂ ਹੋ ਗਈਆਂ ਹਨ। ਮੁੰਬਈ-ਚੇਨਈ ਟਿਕਟ ਲਈ ਸਾਰੀਆਂ ਕੰਪਨੀਆਂ ਦਾ ਕਿਰਾਇਆ ਪਿਛਲੇ ਸਾਲ ਦੇ 5,369 ਰੁਪਏ ਦੇ ਮੁਕਾਬਲੇ ਵਧ ਕੇ 26,073 ਰੁਪਏ ਹੋ ਗਿਆ। ਇਕਸਿਗੋ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ ਅਲੋਕ ਵਾਜਪੇਈ ਨੇ ਕਿਹਾ,' ਹੋਲੀ ਦੇ ਨਾਲ-ਨਾਲ ਗਰਮੀ ਦੀਆਂ ਛੁੱਟੀਆਂ ਨੇੜੇ ਆਉਣ ਨਾਲ ਹਵਾਈ ਟਿਕਟਾਂ ਦੀਆਂ ਕੀਮਤਾਂ ਵਧੀਆਂ ਰਹਿਣਗੀਆਂ।'