ਜੈੱਟ ਏਅਰਵੇਜ਼ : ਇਸ ਹਫ਼ਤੇ ਹਿੰਦੂਜਾ ਗਰੁੱਪ ਲਾਏਗਾ ਬੋਲੀ

05/21/2019 6:11:03 PM

ਮੁੰਬਈ- ਵਿੱਤੀ ਸੰਕਟ ਕਾਰਨ ਅਸਥਾਈ ਰੂਪ ਨਾਲ ਸੇਵਾਵਾਂ ਬੰਦ ਕਰਨ ਵਾਲੀ ਹਵਾਈ ਕੰਪਨੀ ਜੈੱਟ ਏਅਰਵੇਜ਼ ਲਈ ਹਿੰਦੂਜਾ ਗਰੁੱਪ ਇਸ ਹਫ਼ਤੇ ਬੋਲੀ ਲਾਏਗਾ। ਹਿੰਦੂਜਾ ਗਰੁੱਪ ਨੇ ਇਸ ਦੇ ਲਈ ਏਅਰਲਾਈਨਜ਼ ਦੇ ਮੁੱਖ ਹਿੱਸੇਦਾਰ ਅਤੇ ਸੰਸਥਾਪਕ ਨਰੇਸ਼ ਗੋਇਲ ਅਤੇ ਰਣਨੀਤਕ ਨਿਵੇਸ਼ਕ ਏਤਿਹਾਦ ਏਅਰਵੇਜ਼ ਤੋਂ ਸਹਿਮਤੀ ਲੈ ਲਈ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਬੀਤੇ ਦਿਨੀਂ ਕਿਹਾ ਸੀ ਕਿ ਜੈੱਟ ਏਅਰਵੇਜ਼ ਨੂੰ ਲੈ ਕੇ ਇਕ ਹਫ਼ਤੇ ਦੇ ਅੰਦਰ ਤਸਵੀਰ ਸਾਫ਼ ਹੋ ਜਾਵੇਗੀ।

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਹਿੰਦੂਜਾ ਗਰੁੱਪ ਨੇ ਡਿਊ ਡੈਲੀਜੈਂਸ ਲਈ ਐੱਸ. ਬੀ. ਆਈ. ਕੈਪੀਟਲ ਮਾਰਕੀਟਸ ਦੀ ਅਗਵਾਈ ਵਾਲੇ ਇਨਵੈਸਟਰਸ ਬੈਂਕਰਸ ਨਾਲ ਗੱਲਬਾਤ ਕਰ ਲਈ ਹੈ, ਜਿਸ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਨਰੇਸ਼ ਗੋਇਲ ਅਤੇ ਹਿੰਦੂਜਾ ਗਰੁੱਪ ਨਾਲ ਜੁਡ਼ੇ ਸੂਤਰਾਂ ਨੇ ਦੱਸਿਆ ਕਿ ਦੋਹਾਂ ਵਿਚਾਲੇ ਬੀਤੇ ਦੋ ਦਹਾਕਿਆਂ ਤੋਂ ਸੁਖਾਵੇਂ ਸਬੰਧ ਹਨ। ਹਿੰਦੂਜਾ ਭਰਾ ਨਰੇਸ਼ ਗੋਇਲ ਨੂੰ ਵੀ ਬੋਰਡ ’ਚ ਫਿਰ ਤੋਂ ਵਾਪਸ ਲਿਆਉਣ ’ਤੇ ਸਹਿਮਤ ਹਨ। ਸੂਤਰਾਂ ਅਨੁਸਾਰ ਹਿੰਦੂਜਾ ਨੂੰ ਉਮੀਦ ਹੈ ਕਿ ਬੈਂਕ ਏਅਰਲਾਈਨਜ਼ ਕੰਪਨੀ ’ਤੇ ਬਕਾਇਆ ਰਾਸ਼ੀ ’ਚ ਜ਼ਿਕਰਯੋਗ ਕਟੌਤੀ ਕਰੇਗਾ। ਕੰਪਨੀ ’ਤੇ ਲਗਭਗ 12,000 ਕਰੋਡ਼ ਰੁਪਏ ਦਾ ਕਰਜ਼ਾ ਹੈ।

ਜੈੱਟ ਕੋਲ ਨਹੀਂ ਬਚਿਆ ਜ਼ਿਆਦਾ ਸਮਾਂ

ਜੈੱਟ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਅਜਿਹਾ ਇਸ ਲਈ ਕਿਉਂਕਿ ਉਸਦੇ ਪਾਇਲਟਾਂ ਨੂੰ ਦੂਜੀਆਂ ਕੰਪਨੀਆਂ ਨੌਕਰੀ ’ਤੇ ਰੱਖ ਰਹੀਆਂ ਹਨ। ਇਸ ਦੇ ਨਾਲ ਹੀ ਜੈੱਟ ਏਅਰਵੇਜ਼ ਦੇ ਬੰਦ ਹੋਣ ਨਾਲ ਖਾਲੀ ਪਏ ਰੂਟਾਂ ’ਤੇ ਦੂਜੀਆਂ ਹਵਾਈ ਕੰਪਨੀਆਂ ਦੀ ਨਜ਼ਰ ਹੈ। ਫਿਲਹਾਲ ਏਅਰ ਇੰਡੀਆ ਨੂੰ ਜੈੱਟ ਦੇ 50 ਫ਼ੀਸਦੀ ਵਿਦੇਸ਼ੀ ਰੂਟ ’ਤੇ ਸੰਚਾਲਨ ਕਰਨ ਦਾ ਅਧਿਕਾਰ ਮਿਲ ਗਿਆ ਹੈ।

satpal klair

This news is Content Editor satpal klair