''ਜੈੱਟ ਏਅਰਵੇਜ਼ ਨੂੰ ਕਰਜ਼ਾ ਦੇਣ ਵਾਲੇ 4 ਜੁਲਾਈ ਤੱਕ ਦਾਅਵੇ ਕਰਵਾਉਣ ਜਮ੍ਹਾ''

06/25/2019 1:55:20 AM

ਮੁੰਬਈ-ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੇ ਨਿਪਟਾਰਾ ਪੇਸ਼ੇਵਰ ਨੇ ਕੰਪਨੀ ਦੇ ਕਰਜ਼ਦਾਤਿਆਂ ਨੂੰ ਆਪਣੇ ਦਾਅਵੇ 4 ਜੁਲਾਈ ਤੱਕ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਪਿਛਲੇ ਹਫਤੇ ਜੈੱਟ ਏਅਰਵੇਜ਼ ਨੂੰ ਦੀਵਾਲੀਆ ਪ੍ਰਕਿਰਿਆ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਕੋਲ ਭੇਜਿਆ ਗਿਆ ਹੈ। ਠੱਪ ਖੜ੍ਹੀ ਏਅਰਲਾਈਨ 'ਤੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ 26 ਬੈਂਕਾਂ ਦੇ ਗੱਠਜੋੜ ਦਾ 8,500 ਕਰੋੜ ਰੁਪਏ ਦਾ ਬਕਾਇਆ ਹੈ। ਏਅਰਲਾਈਨ ਨੇ ਆਪਣੇ ਸੈਂਕੜੇ ਵੈਂਡਰਾਂ ਅਤੇ 23,000 ਦੇ ਕਰੀਬ ਕਰਮਚਾਰੀਆਂ ਦੇ 13,000 ਕਰੋੜ ਰੁਪਏ ਚੁਕਾਉਣੇ ਹਨ।

ਨਿਪਟਾਰਾ ਪੇਸ਼ੇਵਰ ਗ੍ਰਾਂਟ ਥਾਰਨਟਨ ਦੇ ਅਸ਼ੀਸ਼ ਛੌਛਰੀਆ ਨੇ ਜਨਤਕ ਸੂਚਨਾ 'ਚ ਕਿਹਾ, ''ਜੈੱਟ ਏਅਰਵੇਜ਼ ਦੇ ਕਰਜ਼ਦਾਤਿਆਂ ਨੂੰ ਪ੍ਰਮਾਣ ਦੇ ਨਾਲ ਆਪਣੇ ਦਾਅਵੇ 4 ਜੁਲਾਈ ਤੱਕ ਨਿਪਟਾਰਾ ਪੇਸ਼ੇਵਰ ਕੋਲ ਜਮ੍ਹਾ ਕਰਵਾਉਣੇ ਹੋਣਗੇ। ਵਿੱਤੀ ਕਰਜ਼ਦਾਤਿਆਂ ਨੂੰ ਆਪਣੇ ਦਾਅਵੇ ਪ੍ਰਮਾਣ ਦੇ ਨਾਲ ਇਲੈਕਟ੍ਰਾਨਿਕ ਤਰੀਕੇ ਨਾਲ ਜਮ੍ਹਾ ਕਰਵਾਉਣੇ ਹੋਣਗੇ।'' ਇਸ 'ਚ ਕਿਹਾ ਗਿਆ ਹੈ ਕਿ ਸਾਰੇ ਕਰਜ਼ਦਾਤਿਆਂ ਨੂੰ ਵਿਅਕਤੀਗਤ ਰੂਪ ਨਾਲ, ਡਾਕ ਨਾਲ ਜਾਂ ਇਲੈਕਟ੍ਰਾਨਿਕ ਤਰੀਕੇ ਨਾਲ ਆਪਣੇ ਦਾਅਵੇ ਪ੍ਰਮਾਣ ਦੇ ਨਾਲ ਜਮ੍ਹਾ ਕਰਵਾਉਣੇ ਹੋਣਗੇ। 25 ਮਾਰਚ ਤੋਂ ਜੈੱਟ ਏਅਰਵੇਜ਼ ਦੇ ਕਰਜ਼ਦਾਤਿਆਂ ਕੋਲ ਏਅਰਲਾਈਨ ਦੀ 51 ਫੀਸਦੀ ਹਿੱਸੇਦਾਰੀ ਹੈ। ਕਰਜ਼ਦਾਤਿਆਂ ਨੇ 17 ਜੂਨ ਨੂੰ ਜੈੱਟ ਏਅਰਵੇਜ਼ ਦੇ ਰੀਵਾਈਵਲ ਦੀ ਕੋਸ਼ਿਸ਼ ਛੱਡਦੇ ਹੋਏ ਇਸ ਦੇ ਮਾਮਲੇ ਨੂੰ ਦੀਵਾਲੀਆ ਪ੍ਰਕਿਰਿਆ ਤਹਿਤ ਭੇਜਣ ਦਾ ਫੈਸਲਾ ਕੀਤਾ ਸੀ।

Karan Kumar

This news is Content Editor Karan Kumar