ਫਿਲਹਾਲ ਕੰਪੈਕਟ SUV ਅਤੇ EV ’ਤੇ ਸਾਡਾ ਫੋਕਸ ਨਹੀਂ : ਨਿਪੁਨ ਜੇ. ਮਹਾਜਨ

10/27/2021 11:03:46 AM

ਜਲੰਧਰ– ਅਮਰੀਕੀ ਐੱਸ. ਯੂ. ਵੀ. ਨਿਰਮਾਤਾ ਕੰਪਨੀ ਜੀਪ ਬੀਤੇ ਕੁਝ ਦਿਨਾਂ ਤੋਂ ਆਪਣੀ ਡੀਲਰਸ਼ਿਪ ਦਾ ਵਿਸਤਾਰ ਕਰ ਰਹੀ ਹੈ। ਕੰਪਨੀ ਨੇ ਹਾਲ ਹੀ ’ਚ ਚੇਨਈ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਆਪਣੀ ਡੀਲਰਸ਼ਿਪ ਖੋਲ੍ਹੀ ਹੈ। ਇਸੇ ਕ੍ਰਮ ’ਚ ਜੀਪ ਇੰਡੀਆ ਨੇ ਪੰਜਾਬ ’ਚ ਵੀ 2 ਥਾਂ ਨਵੀਂ ਡੀਲਰਸ਼ਿਪ ਓਪਨ ਕੀਤੀਆਂ ਹਨ। ਇਸ ’ਚੋਂ ਇਕ ਜਲੰਧਰ ਅਤੇ ਦੂਜੀ ਲੁਧਿਆਣਾ ’ਚ ਖੋਲ੍ਹੀ ਗਈ ਹੈ। ਜੀਪ ਇੰਡੀਆ 2022 ’ਚ ਦੋ ਨਵੀਆਂ ਐੱਸ. ਯੂ. ਵੀਜ਼ ਭਾਰਤੀ ਬਾਜ਼ਾਰ ’ਚ ਉਤਾਰਨ ਜਾ ਰਹੀ ਹੈ।

ਡੀਲਰਸ਼ਿਪ ਦੇ ਲਾਂਚ ਮੌਕੇ ਜਲੰਧਰ ਪਹੁੰਚੇ ਜੀਪ ਇੰਡੀਆ ਹੈੱਡ ਨਿਪੁਨ ਜੇ. ਮਹਾਜਨ ਨਾਲ ‘ਜਗ ਬਾਣੀ’ ਦੀ ਗੱਲ ਹੋਈ ਤਾਂ ਉਨ੍ਹਾਂ ਨੇ ਕਿਹਾ ਕਿ ਜੀਪ ਦੀ ਕੰਪਾਸ ਅਤੇ ਮੇਡ ਇਨ ਇੰਡੀਆ ਰੈਂਗਲਰ ਇਸ ਸਾਲ ਲੋਕਾਂ ’ਚ ਕਾਫੀ ਪਾਪੂਲਰ ਰਹੀਆਂ ਹਨ। ਪਿਛਲੇ ਸਾਲ ਦੇ ਮਕਾਬਲੇ ਇਸ ਸਾਲ ਸੇਲ ਕਾਫੀ ਚੰਗੀ ਰਹੀ ਹੈ। ਇਸ ਤੋਂ ਬਾਅਦ ਹੁਣ ਵੀ ਸਾਡੀ ਗ੍ਰੋਥ 40 ਫੀਸਦੀ ਤੋਂ ਉੱਪਰ ਹੈ। ਅਜਿਹਾ ਨਹੀਂ ਹੈ ਕਿ ਇਹ 1-2 ਮਹੀਨਿਆਂ ਦੀ ਗੱਲ ਹੋਵੇ, ਜਿਵੇਂ ਅੰਕੜੇ ਸਾਨੂੰ ਦਿਖਾਈ ਦੇ ਰਹੇ ਹਨ, ਸਾਨੂੰ ਲਗਦਾ ਹੈ ਕਿ ਆਉਣ ਵਾਲੇ ਸਮੇਂ ’ਚ ਵੀ ਸੇਲ ਇੰਝ ਹੀ ਚੰਗੀ ਹੁੰਦੀ ਰਹੇਗੀ।

ਕੰਪੈਕਟ ਐੱਸ. ਯੂ. ਵੀ. ਬਣਾਉਣ ਦੇ ਸਵਾਲ ’ਤੇ ਮਹਾਜਨ ਨੇ ਕਿਹਾ ਕਿ ਸਾਡਾ ਧਿਆਨ ਉਸ ਸੈਗਮੈਂਟ ’ਤੇ ਵੀ ਹੈ। ਅਸੀਂ ਸਾਰੀਆਂ ਸੰਭਾਵਨਾਵਾਂ ਦੇਖ ਰਹੇ ਹਾਂ ਪਰ ਸਾਡੀ ਪੋਜੀਸ਼ਨ ਮਾਰਕੀਟ ’ਚ ਕਾਫੀ ਪ੍ਰੀਮੀਅਮ ਪੱਧਰ ’ਤੇ ਹੈ ਅਤੇ ਇਹ ਸਾਡਾ ਨਹੀਂ ਗਾਹਕਾਂ ਦਾ ਵੀ ਮੰਨਣਾ ਹੈ। ਫਿਲਹਾਲ ਅਸੀਂ ਇਸ ਪ੍ਰੀਮੀਅਮ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਰਹੀ ਗੱਲ ਇਲੈਕਟ੍ਰਿਕ ਵ੍ਹੀਕਲਸ ਦੀ ਤਾਂ ਸਾਡੇ ਕੋਲ ਇੰਟਰਨੈਸ਼ਨਲੀ ਵ੍ਹੀਕਲ ਦੀ ਰੇਂਜ ਹੈ, ਜਿਸ ’ਤੇ ਕਾਫੀ ਕੰਮ ਵੀ ਹੋਇਆ ਹੈ। ਅਸੀਂ ਇਸ ਇਲੈਕਟ੍ਰੀਫਿਕੇਸ਼ਨ ਦੇ ਦੌਰ ਨੂੰ ਵੀ ਕਾਫੀ ਨੇੜੇਓਂ ਦੇਖ ਰਹੇ ਹਾਂ। ਫਿਲਹਾਲ ਸਾਡੀ ਭਾਰਤ ’ਚ ਕੋਈ ਇਲੈਕਟ੍ਰਿਕ ਵ੍ਹੀਕਲ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ ਪਰ ਸਾਡੀ ਸਮਰੱਥਾ ਹੈ ਅਤੇ ਅਸੀਂ ਇਸ ਨੂੰ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕੰਪੈਕਟ ਐੱਸ. ਯੂ. ਵੀ. ਅਤੇ ਈ. ਵੀ. ’ਤੇ ਸਾਡਾ ਫੋਕਸ ਨਹੀਂ ਹੈ।

ਅਗਲੇ ਸਾਲ ਦੀ ਸ਼ੁਰੂਆਤ ’ਚ ਜੀਪ ਲਾਂਚ ਕਰੇਗੀ ਥ੍ਰੀ-ਰੋ ਐੱਸ. ਯੂ. ਵੀ. ‘ਮੈਰੀਡੀਅਨ’
ਕੰਪਨੀ ਦੇ ਸਭ ਤੋਂ ਮਸ਼ਹੂਰ ਪ੍ਰੋਡਕਟ ਦੀ ਗੱਲ ਕਰਦੇ ਹੋਏ ਮਹਾਜਨ ਨੇ ਦੱਸਿਆ ਕਿ ਕੰਪਨੀ 2022 ਲਈ ਥ੍ਰੀ ਰੋ ਐੱਸ. ਯੂ. ਵੀ. ਮੈਰੀਡੀਅਨ ’ਤੇ ਕੰਮ ਕਰ ਰਹੀ ਹੈ। ਸਾਡੀ ਇੰਜੀਨੀਅਰਿੰਗ ਟੀਮ ਇਸ ’ਤੇ ਕਾਫੀ ਚੰਗਾ ਕੰਮ ਕਰ ਰਹੀ ਹੈ। ਕੋਵਿਡ ਕਾਰਨ ਕਾਫੀ ਸਮੱਸਿਆਵਾਂ ਆਈਆਂ ਹਨ ਪਰ ਸਾਨੂੰ ਉਮੀਦ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਅਸੀਂ ਇਸ ਪ੍ਰੋਡਕਟ ਨੂੰ ਲਾਂਚ ਕਰ ਦੇਵਾਂਗੇ। ਇਸ ਤੋਂ ਇਲਾਵਾ ਇਕ ਹੋਰ ਐੱਸ. ਯੂ. ਵੀ. ਗ੍ਰੈਂਡ ਚੈਰੋਕੀ ਛੇਤੀ ਹੀ ਭਾਰਤੀ ਬਾਜ਼ਾਰ ’ਚ ਲਾਂਚ ਕੀਤੀ ਜਾਏਗੀ। ਇਸ ਗੱਡੀ ਨੂੰ 2022 ਦੇ ਅੱਧ ਤੱਕ ਲਾਂਚ ਕਰ ਦਿੱਤਾ ਜਾਵੇਗਾ।

Rakesh

This news is Content Editor Rakesh