ਨਵੰਬਰ ਮਹੀਨੇ ਦੇ ਪਰਚੂਨ ਮਹਿੰਗਾਈ ਅੰਕੜੇ ਹੋਣਗੇ ਜਾਰੀ

12/12/2017 11:55:35 AM

ਨਵੀਂ ਦਿੱਲੀ— ਮੰਗਲਵਾਰ ਸ਼ਾਮ 5.30 ਵਜੇ ਨਵੰਬਰ ਮਹੀਨੇ ਦੇ ਪਰਚੂਨ ਮਹਿੰਗਈ ਅਤੇ ਅਕਤੂਬਰ ਮਹੀਨੇ ਦੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ. ਆਈ. ਪੀ.) ਦੇ ਅੰਕੜੇ ਜਾਰੀ ਕੀਤੇ ਜਾਣਗੇ। ਨਵੰਬਰ 'ਚ ਪਰਚੂਨ ਮਹਿੰਗਾਈ 4 ਫੀਸਦੀ ਤੋਂ ਜ਼ਿਆਦਾ ਰਹਿਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਉੱਥੇ ਹੀ ਉਦਯੋਗਿਕ ਉਤਪਾਦਨ ਵੀ ਘਟਣ ਦਾ ਅੰਦਾਜ਼ਾ ਹੈ। 
ਅੰਦਾਜ਼ਿਆਂ ਮੁਤਾਬਕ ਨਵੰਬਰ 'ਚ ਪਰਚੂਨ ਮਹਿੰਗਾਈ ਦਰ 13 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਸਕਦੀ ਹੈ। ਦਰਅਸਲ ਨਵੰਬਰ 'ਚ ਬੇਮੌਸਮੀ ਮੀਂਹ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਸਨ। ਨਾਲ ਹੀ ਕੱਚੇ ਤੇਲ 'ਚ ਤੇਜ਼ੀ ਅਤੇ ਜੀ. ਐੱਸ. ਟੀ. ਨਾਲ ਕੱਚੇ ਮਾਲ ਮਹਿੰਗੇ ਹੋਣ ਦਾ ਅਸਰ ਵੀ ਇਸ 'ਤੇ ਨਜ਼ਰ ਆਵੇਗਾ। 
ਉੱਥੇ ਹੀ ਸਬਜ਼ੀਆਂ 'ਚ ਟਮਾਟਰ ਅਤੇ ਪਿਆਜ਼ਾਂ ਦੀਆਂ ਕੀਮਤਾਂ ਦਾ ਅਸਰ ਜ਼ਿਆਦਾ ਹੋ ਸਕਦਾ ਹੈ। ਦੇਸ਼ ਭਰ 'ਚ ਪਿਆਜ਼ ਅਤੇ ਟਮਾਟਰ 40-50 ਰੁਪਏ ਦੇ ਦਾਇਰੇ 'ਚ ਵਿਕ ਰਹੇ ਹਨ। ਮੰਡੀਆਂ 'ਚ ਪਿਆਜ਼ ਦੀਆਂ ਕੀਮਤਾਂ 40 ਤੋਂ 45 ਰੁਪਏ ਵਿਚਕਾਰ ਹਨ, ਜਦੋਂ ਕਿ ਦੁਕਾਨਾਂ 'ਤੇ ਪਿਆਜ਼ ਹੋਰ ਵੀ ਮਹਿੰਗੇ 50 ਰੁਪਏ ਪ੍ਰਤੀ ਕਿਲੋ ਤਕ ਵੇਚੇ ਜਾ ਰਹੇ ਹਨ। ਇਨ੍ਹਾਂ ਸਭ ਦਾ ਅਸਰ ਆਮ ਜਨਤਾ ਦੀ ਜੇਬ 'ਤੇ ਪੈ ਰਿਹਾ ਹੈ। ਪਿਆਜ਼ਾ ਅਤੇ ਟਮਾਟਰ ਮਹਿੰਗੇ ਹੋਣ ਦਾ ਕਾਰਨ ਪਿਛਲੇ ਸਟਾਕ 'ਚ ਕਮੀ ਹੋਣਾ ਹੈ ਪਰ ਦਸੰਬਰ 'ਚ ਨਵੀਂ ਫਸਲ ਆਉਣ ਨਾਲ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ।