ਸਟਾਕ ਮਾਰਕੀਟ : 4 ਮਹੀਨਿਆਂ ''ਚ ਨਿਵੇਸ਼ਕਾਂ ਦੀ ਪੂੰਜੀ 31 ਲੱਖ ਕਰੋੜ ਰੁ: ਵਧੀ

08/01/2021 11:48:50 AM

ਨਵੀਂ ਦਿੱਲੀ- ਚਾਲੂ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਸ਼ੇਅਰ ਬਾਜ਼ਾਰ ਨਿਵੇਸ਼ਕਾਂ ਦੀ ਪੂੰਜੀ ਵਿਚ 31 ਲੱਖ ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਬਾਜ਼ਾਰ ਵਿਚ ਸਕਾਰਾਤਮਕ ਰੁਝਾਨ ਵਿਚਕਾਰ ਚਾਲੂ ਵਿੱਤੀ ਸਾਲ ਦੇ ਪਹਿਲੇ 4 ਮਹੀਨਿਆਂ ਵਿਚ ਨਿਵੇਸ਼ਕਾਂ ਦੀ ਪੂੰਜੀ ਵਿਚ ਕੁੱਲ ਮਿਲਾ ਕੇ 31,18,934.36 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਪ੍ਰੈਲ-ਜੁਲਾਈ ਦੌਰਾਨ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 3,077.69 ਅੰਕ ਯਾਨੀ 6.21 ਫ਼ੀਸਦੀ ਚੜ੍ਹਿਆ ਹੈ।

ਨਿਵੇਸ਼ਕਾਂ ਦੇ ਸਕਾਰਾਤਮਕ ਰੁਖ਼ ਕਾਰਨ ਬੀ. ਐੱਸ. ਈ. ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 31,18,934.36 ਕਰੋੜ ਰੁਪਏ ਵਧਿਆ ਹੈ। 30 ਜੁਲਾਈ ਨੂੰ ਬਾਜ਼ਾਰ ਪੂੰਜੀਕਰਨ 2,35,49,748.90 ਕਰੋੜ ਰੁਪਏ ਦੇ ਆਪਣੇ ਸਰਵ-ਉੱਚ ਪੱਧਰ 'ਤੇ ਪਹੁੰਚ ਗਿਆ। ਇਕੁਇਟੀ 99 ਦੇ ਸਹਿ-ਸੰਸਥਾਪਕ ਰਾਹੁਲ ਸ਼ਰਮਾ ਨੇ ਕਿਹਾ, "ਨਿਵੇਸ਼ਕਾਂ ਦੀ ਸਕਾਰਾਤਮਕ ਭਾਵਨਾ ਦੇ ਪਿੱਛੇ ਫੰਡ ਪ੍ਰਵਾਹ ਅਤੇ ਤਰਲਤਾ ਮੁੱਖ ਕਾਰਕ ਹਨ"।

ਉਨ੍ਹਾਂ ਕਿਹਾ ਕਿ ਬਾਜ਼ਾਰ ਨੇ 2020 ਵਿਚ ਵਿਕਵਾਲੀ ਦੇ ਸਿਲਸਿਲੇ ਤੋਂ ਬਾਅਦ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਬੈਂਚਮਾਰਕ ਸੈਂਸੈਕਸ ਮਾਰਚ, 2020 ਦੇ ਆਪਣੇ ਹੇਠਲੇ ਪੱਧਰ ਤੋਂ ਇਸ ਸਮੇਂ ਦੁੱਗਣੇ ਤੋਂ ਜ਼ਿਆਦਾ ਹੋ ਗਿਆ ਹੈ। ਕੋਵਿਡ-19 ਕਾਰਨ ਆਈਆਂ ਰੁਕਾਵਟਾਂ ਦੇ ਬਾਵਜੂਦ ਸੈਂਸੈਕਸ ਪਿਛਲੇ ਵਿੱਤੀ ਸਾਲ ਵਿਚ 20,040.66 ਅੰਕ ਯਾਨੀ 68 ਫੀਸਦੀ ਚੜ੍ਹਿਆ। ਜਿਯੋਜੀਤ ਫਾਈਨੈਂਸ਼ਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਮਿਸਰ ਤੇ ਈਰਾਨ ਵਰਗੇ ਕੁਝ ਬਾਜ਼ਾਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਦੁਨੀਆ ਦੇ ਤਮਾਮ ਬਾਜ਼ਾਰਾਂ ਵਿਚ ਤੇਜ਼ੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਸਮੇਤ ਦੁਨੀਆ ਦੇ ਸਾਰੇ ਕੇਂਦਰੀ ਬੈਂਕਾਂ ਨੇ ਬਾਜ਼ਾਰ ਵਿਚ ਜ਼ਬਰਦਸਤ ਤਰਲਤਾ ਲਿਆਂਦੀ ਹੈ। ਇਹ ਬਾਜ਼ਾਰਾਂ ਵਿਚ ਤੇਜ਼ੀ ਦਾ ਇਕ ਮੁੱਖ ਕਾਰਨ ਹੈ।

Sanjeev

This news is Content Editor Sanjeev