LIC ਨੂੰ ਪਾਲਿਸੀਧਾਰਕ ਦੀ ਵਿਧਵਾ ਨੂੰ ਵਿਆਜ ਦਾ ਭੁਗਤਾਨ ਕਰਨ ਦਾ ਨਿਰਦੇਸ਼

08/29/2019 4:41:36 PM

ਨਵੀਂ ਦਿੱਲੀ — ਰਾਸ਼ਟਰੀ ਖਪਤਕਾਰ ਵਿਵਾਦ ਨਿਪਟਾਰਾ ਕਮਿਸ਼ਨ (ਐੱਨ. ਸੀ. ਡੀ. ਆਰ. ਸੀ.) ਨੇ ਬੀਮਾ ਖੇਤਰ ਦੀ ਮੋਹਰੀ ਕੰਪਨੀ ਐੱਲ. ਆਈ. ਸੀ. ਨੂੰ ਇਕ ਪਾਲਿਸੀਧਾਰਕ ਦੀ ਵਿਧਵਾ ਨੂੰ ਬੋਨਸ ਅਤੇ ਵਿਆਜ ਦੇ ਨਾਲ 1.5 ਲੱਖ ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਐੱਨ. ਸੀ. ਡੀ. ਆਰ. ਸੀ. ਨੇ ਬੀਮਾ ਕੰਪਨੀ ਦੀ ਇਸ ਦਲੀਲ ਨੂੰ ਖਾਰਿਜ ਕਰ ਦਿੱਤਾ ਕਿ ਪਾਲਿਸੀਧਾਰਕ ਨੇ ਬੀਮਾ ਪਾਲਿਸੀ ਖਰੀਦਦੇ ਸਮੇਂ ਆਪਣੀ ਸਿਹਤ ਦੇ ਬਾਰੇ ਗਲਤ ਜਾਣਕਾਰੀ ਦਿੱਤੀ ਸੀ।

ਕੀ ਹੈ ਮਾਮਲਾ

ਸੁਨੀਤਾ ਦੇਵੀ ਦੇ ਪਤੀ ਨਰਿੰਦਰ ਕੁਮਾਰ ਪਾਂਡੇ ਨੇ 25 ਨਵੰਬਰ, 1997 ਨੂੰ ਇਕ ਲੱਖ ਰੁਪਏ ਅਤੇ 50,000 ਰੁਪਏ ਦੀਆਂ 2 ਬੀਮਾ ਪਾਲਿਸੀਆਂ ਲਈਆਂ ਸਨ। ਪੈਸੇ ਦੀ ਘਾਟ ਕਾਰਣ ਨਾਲ ਇਹ ਪਾਲਿਸੀਆਂ ਬੰਦ ਹੋ ਗਈਆਂ ਸਨ। 19 ਜੂਨ, 2002 ਨੂੰ ਇਨ੍ਹਾਂ ਨੂੰ ਫਿਰ ਸ਼ੁਰੂ ਕੀਤਾ ਗਿਆ। ਸੁਨੀਤਾ ਦੇ ਪਤੀ ਦਾ ਦਿਹਾਂਤ 24 ਮਈ, 2005 ਨੂੰ ਹੋਇਆ ਸੀ। ਬਾਅਦ ’ਚ ਨਾਮਿਨੀ ਦੇ ਰੂਪ ’ਚ ਸੁਨੀਤਾ ਨੇ ਦੋਵਾਂ ਪਾਲਿਸੀਆਂ ਲਈ ਦਾਅਵਾ ਕੀਤਾ ਸੀ। ਹਾਲਾਂਕਿ ਐੱਲ. ਆਈ. ਸੀ. ਨੇ ਇਕ ਲੱਖ ਰੁਪਏ ਦੀ ਪਾਲਿਸੀ ’ਤੇ ਸਿਰਫ 34,300 ਰੁਪਏ ਅਤੇ 50,000 ਰੁਪਏ ਦੀ ਪਾਲਿਸੀ ’ਤੇ ਸਿਰਫ 10,750 ਰੁਪਏ ਦਾ ਦਾਅਵਾ ਮਨਜ਼ੂਰ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਪਾਲਿਸੀਧਾਰਕ ਨੇ ਪਾਲਿਸੀ ਨੂੰ ਮੁੜ ਚਾਲੂ ਕਰਦੇ ਸਮੇਂ ਆਪਣੀ ਬੀਮਾਰੀ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਸੁਨੀਤਾ ਦੇਵੀ ਨੇ ਕਿਹਾ ਕਿ ਉਸ ਦੇ ਪਤੀ ਦਾ ਕਿਡਨੀ ਟਰਾਂਸਪਲਾਂਟ ਸਾਲ 2000 ’ਚ ਹੋਇਆ ਸੀ। ਉਸ ਸਮੇਂ ਉਸ ਦੇ ਪਤੀ ਨੇ ਇਸ ਦੇ ਲਈ ਦਾਅਵਾ ਵੀ ਕੀਤਾ ਸੀ। ਪਾਲਿਸੀਆਂ ਨੂੰ ਫਿਰ ਤੋਂ ਸ਼ੁਰੂ ਕਰਦੇ ਸਮੇਂ ਬੀਮਾ ਕੰਪਨੀ ਨੂੰ ਪਾਂਡੇ ਦੀ ਕਿਡਨੀ ਟਰਾਂਸਪਲਾਂਟ ਦੀ ਪੂਰੀ ਜਾਣਕਾਰੀ ਸੀ।

ਇਹ ਕਿਹਾ ਕਮਿਸ਼ਨ ਨੇ

ਕਮਿਸ਼ਨ ਦੇ ਮੈਂਬਰ ਦੀਪਾ ਸ਼ਰਮਾ ਅਤੇ ਮੈਂਬਰ ਸੀ. ਵਿਸ਼ਵਨਾਥ ਦੀ ਬੈਂਚ ਨੇ ਆਪਣੇ ਹਾਲੀਆ ਆਦੇਸ਼ ’ਚ ਕਿਹਾ ਕਿ ਬੀਮਾ ਕੰਪਨੀ ਨੇ ਪਾਂਡੇ ਵੱਲੋਂ ਪਾਲਿਸੀ ਲੈਂਦੇ ਸਮੇਂ ਬੀਮਾਰੀ ਬਾਰੇ ਲੁਕਾਉਣ ਨੂੰ ਲੈ ਕੇ ਕੋਈ ਅਪੀਲ ਨਹੀਂ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਮੌਜੂਦਾ ਮਾਮਲੇ ’ਚ ਬੀਮਾ ਕੰਪਨੀ ਨੇ ਇਸ ਬਾਰੇ ’ਚ ਕੋਈ ਦਲੀਲ ਨਹੀਂ ਦਿੱਤੀ ਕਿ ਪਾਲਿਸੀਧਾਰਕ ਵੱਲੋਂ 2 ਬੀਮਾ ਪਾਲਿਸੀਆਂ ਲੈਂਦੇ ਸਮੇਂ ਉਸ ਨੇ ਆਪਣੀ ਬੀਮਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਕਮਿਸ਼ਨ ਨੇ ਐੱਲ. ਆਈ. ਸੀ. ਨੂੰ ਨਿਰਦੇਸ਼ ਦਿੱਤਾ ਕਿ ਉਹ ਪੀੜਤਾ ਨੂੰ ਬੋਨਸ ਅਤੇ ਵਿਆਜ ਸਮੇਤ 1.5 ਲੱਖ ਰੁਪਏ ਦਾ ਭੁਗਤਾਨ ਕਰੇ।