ਇਨਫੋਸਿਸ ਦੇ CEO ਨੂੰ 24.67 ਕਰੋੜ ਰੁਪਏ ਦਾ ਮਿਲਿਆ ਤਨਖਾਹ ਪੈਕੇਜ

05/20/2019 11:24:52 PM

ਨਵੀਂ ਦਿੱਲੀ-ਆਈ. ਟੀ. ਕੰਪਨੀ ਇਨਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸਲਿਲ ਪਾਰੇਖ ਨੂੰ ਬੀਤੇ ਵਿੱਤੀ ਸਾਲ 2018-19 'ਚ 24.67 ਕਰੋੜ ਰੁਪਏ ਦਾ ਤਨਖਾਹ ਪੈਕੇਜ ਮਿਲਿਆ। ਕੰਪਨੀ ਦੀ ਸਾਲਾਨਾ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਾਰੇਖ ਜਨਵਰੀ 2018 'ਚ ਕੰਪਨੀ ਨਾਲ ਜੁੜੇ ਸਨ। ਉਨ੍ਹਾਂ ਨੂੰ ਯਕੀਨੀ ਤਨਖਾਹ ਦੇ ਰੂਪ 'ਚ 6.07 ਕਰੋੜ ਰੁਪਏ ਮਿਲੇ, ਜਦੋਂਕਿ 10.96 ਕਰੋੜ ਰੁਪਏ ਬੋਨਸ, ਇਨਸੈਂਟਿਵ ਅਤੇ ਵੈਰੀਏਬਲ ਪੇ ਦੇ ਰੂਪ 'ਚ ਮਿਲੇ। ਇਸ ਤੋਂ ਇਲਾਵਾ 7.64 ਕਰੋੜ ਰੁਪਏ ਉਨ੍ਹਾਂ ਨੂੰ ਹੋਰ ਸਹੂਲਤਾਂ ਦੇ ਰੂਪ 'ਚ ਮਿਲੇ। ਉਥੇ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦੇ ਸੀ. ਈ. ਓ. ਰਾਜੇਸ਼ ਗੋਪੀਨਾਥਨ ਨੂੰ ਬੀਤੇ ਵਿੱਤੀ ਸਾਲ 'ਚ 16 ਕਰੋੜ ਰੁਪਏ ਦਾ ਪੈਕੇਜ ਮਿਲਿਆ। ਕੰਪਨੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੋਪੀਨਾਥਨ ਦੀ ਤਨਖਾਹ 'ਚ ਵਿੱਤੀ ਸਾਲ 2018-19 'ਚ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 28 ਫੀਸਦੀ ਦਾ ਵਾਧਾ ਹੋਇਆ। ਇਨਫੋਸਿਸ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਯੂਬੀ ਪ੍ਰਵੀਨ ਰਾਵ ਨੂੰ 2018-19 'ਚ 9.05 ਕਰੋੜ ਰੁਪਏ ਦਾ ਤਨਖਾਹ ਪੈਕੇਜ ਮਿਲਿਆ, ਜਦੋਂਕਿ ਇਸ ਤੋਂ ਪਿਛਲੇ ਵਿੱਤੀ ਸਾਲ 'ਚ ਉਨ੍ਹਾਂ ਨੂੰ 8.22 ਕਰੋੜ ਰੁਪਏ ਦਾ ਤਨਖਾਹ ਪੈਕੇਜ ਮਿਲਿਆ ਸੀ।

Karan Kumar

This news is Content Editor Karan Kumar