ਇੰਡੀਗੋ 29 ਅਪ੍ਰੈਲ ਤੋਂ ਬਰੇਲੀ-ਮੁੰਬਈ ਤੇ ਬੇਂਗਲੁਰੂ ਲਈ ਸ਼ੁਰੂ ਕਰੇਗੀ ਉਡਾਣਾਂ

03/04/2021 4:17:09 PM

ਨਵੀਂ ਦਿੱਲੀ- ਇੰਡੀਗੋ 29 ਅਪ੍ਰੈਲ ਤੋਂ ਬਰੇਲੀ, ਮੁੰਬਈ ਅਤੇ ਬੇਂਗਲੁਰੂ ਲਈ ਨਵੀਂਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਇੰਡੀਗੋ ਨੇ ਇਕ ਬਿਆਨ ਵਿਚ ਕਿਹਾ ਕਿ ਮੁੰਬਈ-ਬਰੇਲੀ ਮਾਰਗ 'ਤੇ ਹਫ਼ਤੇ ਵਿਚ ਚਾਰ ਦਿਨ ਉਡਾਣਾਂ ਹੋਣਗੀਆਂ। ਉੱਥੇ ਹੀ, ਬੇਂਗਲੁਰੂ-ਬਰੇਲੀ ਵਿਚਕਾਰ ਇੰਡੀਗੋ ਹਫ਼ਤੇ ਵਿਚ ਤਿੰਨ ਉਡਾਣਾਂ ਚਲਾਏਗੀ। 

ਉੱਤਰ ਪ੍ਰਦੇਸ਼ (ਯੂ. ਪੀ.) ਵਿਚ ਇੰਡੀਗੋ ਦਾ ਬਰੇਲੀ 6ਵਾਂ ਸਟੇਸ਼ਨ ਹੋਵੇਗਾ। ਇਸ ਤੋਂ ਪਹਿਲਾਂ ਇਹ ਯੂ. ਪੀ. ਦੇ ਲਖਨਊ, ਗੋਰਖਪੁਰ, ਇਲਾਹਾਬਾਦ, ਵਾਰਾਣਸੀ ਅਤੇ ਆਗਰਾ ਤੋਂ ਉਡਾਣਾਂ ਚਲਾ ਰਹੀ ਹੈ। ਇਸ ਦੇ ਨਾਲ ਹੀ ਬਰੇਲੀ ਦੇਸ਼ ਵਿਚ ਇੰਡੀਗੋ ਦੇ ਨੈੱਟਵਰਕ ਵਿਚ 67ਵਾਂ ਸ਼ਹਿਰ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਜਲਦ ਹੀ ਚੈੱਕ-ਇਨ ਬੈਗ ਤੋਂ ਬਿਨਾਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਸਸਤੀ ਹਵਾਈ ਟਿਕਟ ਮਿਲੇਗੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਏਅਰਲਾਈਨਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਹੈ। ਉੱਥੇ ਹੀ, ਘਰੇਲੂ ਹਵਾਈ ਮੁਸਾਫ਼ਰਾਂ ਦੀ ਗਿਣਤੀ ਵੱਧ ਰਹੀ ਹੈ। ਸਰਕਾਰ ਕਿਰਾਏ 'ਤੇ ਲਾਈ ਸੀਮਾ ਵੀ ਹਟਾ ਸਕਦੀ ਹੈ, ਫਿਲਹਾਲ ਇਹ 31 ਮਾਰਚ 2021 ਤੱਕ ਹੈ।

Sanjeev

This news is Content Editor Sanjeev