ਇੰਡੀਗੋ ਨੂੰ ਇਨ੍ਹਾਂ ਉਡਾਣਾਂ 'ਚ 15% ਸੀਟਾਂ ਖਾਲੀ ਰੱਖਣ ਦਾ ਹੁਕਮ, ਮਹਿੰਗੀ ਹੋ ਸਕਦੀ ਹੈ ਟਿਕਟ

09/21/2019 3:52:19 PM

ਨਵੀਂ ਦਿੱਲੀ— ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਨੂੰ ਵੈਸਟਰੀਲੀਜ਼ ਦਿਨਾਂ ਦੌਰਾਨ ਦਿੱਲੀ-ਇਸਤਾਂਬੁਲ ਫਲਾਈਟ 'ਚ ਲਗਭਗ 15-20 ਫੀਸਦੀ ਸੀਟਾਂ ਖਾਲੀ ਰੱਖਣ ਦਾ ਹੁਕਮ ਦਿੱਤਾ ਹੈ। ਸਸਤੀ ਹਵਾਈ ਸੇਵਾ ਲਈ ਜਾਣੀ ਜਾਂਦੀ ਇੰਡੀਗੋ 186 ਸੀਟਰ ਏ-320 ਨਿਓ ਜਹਾਜ਼ 'ਚ 157 ਯਾਤਰੀ ਲਿਜਾ ਸਕਦੀ ਹੈ, ਜਦੋਂ ਕਿ 222 ਸੀਟਰ ਏ-321 'ਚ 173 ਯਾਤਰੀ ਹੀ ਲਿਜਾ ਸਕਦੀ ਹੈ।

 

 

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਨੇ ਇਹ ਹੁਕਮ ਉਸ ਸਮੇਂ ਦਿੱਤਾ ਹੈ ਜਦੋਂ ਕੁਝ ਦਿਨ ਪਹਿਲਾਂ ਏਅਰਲਾਈਨ ਆਪਣੀ ਇਕ ਉਡਾਣ 'ਚ ਮੁਸਾਫਰਾਂ ਦਾ ਸਮਾਨ ਨਹੀਂ ਲਿਜਾ ਸਕੀ ਸੀ। ਡੀ. ਜੀ. ਸੀ. ਏ. ਦੇ ਇਕ ਉੱਚ ਅਧਿਕਾਰੀ ਮੁਤਾਬਕ, ਇਹ ਹੁਕਮ ਸਿਰਫ ਵੈਸਟਰੀਲੀਜ਼ ਦਾ ਸਾਹਮਣਾ ਕਰਨ ਵਾਲੀਆਂ ਉਡਾਣਾਂ ਲਈ ਹਨ ਕਿਉਂਕਿ ਇਸ ਨਾਲ ਈਂਧਣ ਦੀ ਖਪਤ ਵੱਧ ਹੁੰਦੀ ਹੈ ਤੇ ਸੁਰੱਖਿਆ ਦੇ ਮੱਦੇਨਜ਼ਰ ਲੋਡ ਘੱਟ ਹੋਣਾ ਹੀ ਠੀਕ ਹੈ। ਵੈਸਟਰੀਲੀਜ਼ ਤੇਜ਼ ਹਵਾਵਾਂ ਹੁੰਦੀਆਂ ਹਨ ਜੋ ਸਰਦੀਆਂ ਦੌਰਾਨ ਪੱਛਮ ਤੋਂ ਪੂਰਬ ਵੱਲ ਚੱਲਦੀਆਂ ਹਨ।
ਜ਼ਿਕਰਯੋਗ ਹੈ ਕਿ ਇੰਡੀਗੋ ਦਿੱਲੀ ਤੇ ਇਸਤਾਂਬੁਲ ਵਿਚਕਾਰ ਰੋਜ਼ਾਨਾ ਦੋ ਉਡਾਣਾਂ ਚਲਾਉਂਦੀ ਹੈ। ਇਸ ਮਾਰਗ 'ਤੇ ਦੂਜੀ ਹੋਰ ਸਿਰਫ ਤੁਰਕੀ ਏਅਰਲਾਇੰਸ ਹੈ ਜੋ ਉਡਾਣ ਭਰਦੀ ਹੈ ਪਰ ਉਸ ਨੂੰ ਇਸ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਉਹ ਵਾਈਡ-ਬਾਡੀ ਪਲੇਨ ਯਾਨੀ ਵੱਡੇ ਜਹਾਜ਼ਾਂ ਦਾ ਇਸਤੇਮਾਲ ਕਰਦੀ ਹੈ। ਉੱਥੇ ਹੀ, ਸੰਭਾਵਨਾ ਹੈ ਕਿ 15-20 ਫੀਸਦੀ ਸੀਟਾਂ ਖਾਲੀ ਰੱਖਣ ਕਾਰਨ ਇੰਡੀਗੋ ਨੂੰ ਟਿਕਟਾਂ ਦੀ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ।