ED ਦੇ ਸੰਮਨ ਦੀ ਅਫਵਾਹ 'ਤੇ ਸਫਾਈ ਦੇਣ ਤੋਂ ਬਾਅਦ ਇੰਡੀਗੋ ਦੇ ਸ਼ੇਅਰਾਂ 'ਚ 6 ਫੀਸਦੀ ਦਾ ਵਾਧਾ

06/22/2018 5:06:02 PM

ਬਿਜ਼ਨਸ ਡੈਸਕ — ਅੱਜ ਦੇ ਕਾਰੋਬਾਰ 'ਚ ਇੰਡੀਗੋ ਦੇ ਸ਼ੇਅਰਾਂ ਵਿਚ ਚੰਗੀ ਸ਼ੁਰੂਆਤ ਦੇਖਣ ਨੂੰ ਮਿਲੀ। ਕੱਲ੍ਹ ਦੀ ਤੇਜ਼ ਗਿਰਾਵਟ ਤੋਂ ਬਾਅਦ ਇੰਡੀਗੋ ਦੇ ਸ਼ੇਅਰ 6 ਫੀਸਦੀ ਦੀ ਤੇਜ਼ੀ ਨਾਲ 1204 ਰੁਪਏ ਦੀ ਕੀਮਤ 'ਤੇ ਪਹੁੰਚ ਗਏ। ਅੱਜ ਕੰਪਨੀ ਨੇ ਸਪੱਸ਼ਟ ਕਿਹਾ ਹੈ ਕਿ ਉਸਨੇ ਵਿਦੇਸ਼ੀ ਨਿਵੇਸ਼ ਦੇ ਕਿਸੇ ਨਿਯਮ ਦਾ ਉਲੰਘਣ ਨਹੀਂ ਕੀਤਾ ਹੈ ਅਤੇ ਨਾ ਹੀ ਈ.ਡੀ. ਨੇ ਉਸਨੂੰ ਕੋਈ ਸੰਮਨ ਭੇਜਿਆ ਹੈ।
ਕੱਲ੍ਹ ਦੇ ਸ਼ੇਅਰਾਂ ਵਿਚ ਆਈ ਸੀ ਗਿਰਾਵਟ
ਜ਼ਿਕਰਯੋਗ ਹੈ ਕਿ ਕੱਲ੍ਹ ਇਹ ਖਬਰ ਆ ਰਹੀ ਸੀ ਕਿ ਫੇਮਾ ਦੇ ਉਲੰਘਣ ਮਾਮਲੇ 'ਚ ਇੰਡੀਗੋ ਦੇ ਸੀਨੀਅਰ ਅਧਿਕਾਰੀ ਨੂੰ ਈ.ਡੀ. ਨੇ ਸੰਮਨ ਜਾਰੀ ਕੀਤਾ ਹੈ ਜਿਸ ਕਾਰਨ ਕੰਪਨੀ ਦੇ ਸ਼ੇਅਰਾਂ ਵਿਚ 9 ਫੀਸਦੀ ਦੀ ਗਿਰਾਵਟ ਰਹੀ ਸੀ। ਮੁਸਾਫ਼ਰਾਂ ਅਤੇ ਫਲੀਟ ਸਾਈਜ਼ ਦੇ ਸੰਬੰਧ ਵਿਚ ਇੰਡੀਗੋ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ। ਮਈ 2018 ਤੱਕ ਘਰੇਲੂ ਬਾਜ਼ਾਰ 'ਚ ਕੰਪਨੀ ਦੀ ਮਾਰਕਿਟ ਹਿੱਸੇਦਾਰੀ ਕਰੀਬ 41 ਫੀਸਦੀ ਹੈ। ਇੰਡੀਗੋ ਨੇ 2017 'ਚ ਕੁੱਲ 4.6 ਕਰੋੜ ਯਾਤਰੀਆਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਲਿਹਾਜ਼ ਨਾਲ ਕੰਪਨੀ 51 ਸਥਾਨਾਂ ਤੋਂ ਕੰਮ ਕਰ ਰਹੀ ਹੈ।