ਇਹ ਹਨ ਉਹ ਟਾਪ Airlines, ਜਿਨ੍ਹਾਂ ਦਾ ਵਿਸ਼ਵ ''ਚ ਸਸਤਾ ਹੈ ਹਵਾਈ ਸਫਰ!

05/27/2018 3:24:02 PM

ਨਵੀਂ ਦਿੱਲੀ— ਇੰਡੀਗੋ ਅਤੇ ਏਅਰ ਏਸ਼ੀਆ ਇੰਡੀਆ ਦਾ ਹਵਾਈ ਸਫਰ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ 'ਚ ਵੀ ਸਸਤਾ ਹੈ। ਇਕ ਰਿਪੋਰਟ ਮੁਤਾਬਕ ਏਅਰ ਏਸ਼ੀਆ ਇੰਡੀਆ ਦੁਨੀਆ ਦੀ ਦੂਜੀ ਸਭ ਤੋਂ ਸਸਤੀ ਹਵਾਈ ਜਹਾਜ਼ ਕੰਪਨੀ ਹੈ, ਜਦੋਂ ਕਿ ਇੰਡੀਗੋ ਅਜਿਹੀ ਪੰਜਵੀਂ ਕੰਪਨੀ ਹੈ। ਮੈਲਬੋਰਨ ਦੀ ਯਾਤਰਾ ਪਲਾਨਿੰਗ ਸਾਈਟ ਰੋਮ-2-ਰੀਓ ਨੇ ਗਲੋਬਲ ਫਲਾਈਟ ਪ੍ਰਾਈਸਿੰਗ ਰਿਪੋਰਟ 'ਚ ਇਹ ਖੁਲਾਸਾ ਕੀਤਾ ਹੈ। ਉੱਥੇ ਹੀ ਇਸ ਮਾਮਲੇ 'ਚ ਜੈੱਟ ਏਅਰਵੇਜ਼ 12ਵੇਂ ਅਤੇ ਏਅਰ ਇੰਡੀਆ 13ਵੇਂ ਨੰਬਰ 'ਤੇ ਹੈ। ਰਿਪੋਰਟ 'ਚ ਪ੍ਰਤੀ ਕਿਲੋਮੀਟਰ ਦੀ ਲਾਗਤ ਦੇ ਆਧਾਰ 'ਤੇ ਵੱਖ-ਵੱਖ ਮਹਾਦੀਪਾਂ ਦੀਆਂ 200 ਵੱਡੀਆਂ ਹਵਾਈ ਜਹਾਜ਼ ਕੰਪਨੀਆਂ ਦੀ ਤੁਲਨਾ ਕੀਤੀ ਗਈ ਹੈ। ਰਿਪੋਰਟ ਮੁਤਾਬਕ ਦੁਨੀਆ 'ਚ ਸਭ ਤੋਂ ਸਸਤਾ ਹਵਾਈ ਸਫਰ ਏਅਰ ਏਸ਼ੀਆ ਐਕਸ ਦਾ ਹੈ।

ਰਿਪੋਰਟ ਮੁਤਾਬਕ ਸਿੰਗਾਪੁਰ ਨੂੰ ਜੋੜਨ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਔਸਤ ਲਾਗਤ 0.08 ਡਾਲਰ ਪ੍ਰਤੀ ਕਿਲੋਮੀਟਰ ਹੈ। ਇੰਡੀਗੋ ਦੀ ਔਸਤ ਲਾਗਤ 0.10 ਡਾਲਰ ਪ੍ਰਤੀ ਕਿਲੋਮੀਟਰ ਹੈ। ਇੰਡੀਗੋ ਭਾਰਤੀ ਸ਼ਹਿਰਾਂ ਨੂੰ ਖਾੜੀ ਦੇਸ਼ਾਂ ਦੇ ਇਲਾਵਾ ਬੈਂਕਾਕ, ਕੋਲੰਬੋ ਅਤੇ ਕਾਠਮੰਡੂ ਨੂੰ ਜੋੜਦੀ ਹੈ। ਉੱਥੇ ਹੀ ਇਸ ਸੂਚੀ 'ਚ ਟਾਪ 'ਤੇ ਸ਼ਾਮਲ ਏਅਰ ਏਸ਼ੀਆ ਐਕਸ ਦੀ ਔਸਤ ਲਾਗਤ 0.07 ਡਾਲਰ ਪ੍ਰਤੀ ਕਿਲੋਮੀਟਰ ਕੱਢੀ ਗਈ ਹੈ। ਰਿਪੋਰਟ 'ਚ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ 'ਚ ਰੋਮ-2-ਰੀਓ ਦੀ ਵੈੱਬਸਾਈਟ 'ਤੇ ਉਪਲੱਬਧ ਰਹੇ ਇਕਨਾਮੀ ਕਲਾਸ ਦੇ ਹਵਾਈ ਕਿਰਾਇਆਂ ਨੂੰ ਆਧਾਰ ਬਣਾ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਰਿਪੋਰਟ ਮੁਤਾਬਕ 5 ਸਸਤੀ ਹਵਾਈ ਜਹਾਜ਼ ਕੰਪਨੀਆਂ 'ਚੋਂ ਚਾਰ ਏਸ਼ੀਆ ਦੀਆਂ ਹਨ। ਇੰਡੋਨੇਸ਼ੀਆ ਏਅਰ ਏਸ਼ੀਆ ਅਤੇ ਪ੍ਰਾਈਮੇਰਾ ਏਅਰ ਹੋਰ ਦੋ ਕੰਪਨੀਆਂ ਹਨ, ਜੋ ਟਾਪ-5 'ਚ ਸ਼ਾਮਲ ਹਨ। ਉੱਥੇ ਹੀ ਟਾਪ-10 'ਚ ਇਤਿਹਾਦ, ਰਿਆਨ ਏਅਰ, ਵਾਓ ਏਅਰ ਅਤੇ ਵਰਜਿਨ ਆਸਟ੍ਰੇਲੀਆ ਸ਼ਾਮਲ ਹਨ। ਟਾਪ-10 'ਚ ਬ੍ਰਿਟੇਨ ਜਾਂ ਅਮਰੀਕਾ ਦੀ ਇਕ ਵੀ ਜਹਾਜ਼ ਕੰਪਨੀ ਸ਼ਾਮਲ ਨਹੀਂ ਹੈ।