ਹਿਮਾਚਲ ਵਿਚ ਪੈਟਰੋਲ ਪੰਪ ਬਾਗੋਬਾਗ, IOC ਦੇਣ ਜਾ ਰਿਹੈ ਇਹ ਤੋਹਫਾ

08/21/2019 3:47:26 PM

ਚੰਡੀਗੜ੍ਹ— ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਜਲਦ ਹੀ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਊਨਾ 'ਚ ਇਕ ਸਮਾਰਟ ਪੀ. ਓ. ਐੱਲ (ਪੈਟਰੋਲੀਅਮ, ਤੇਲ ਅਤੇ ਲੁਬਰੀਕੈਂਟਸ) ਟਰਮੀਨਲ ਸਥਾਪਤ ਕਰਨ ਜਾ ਰਹੀ ਹੈ, ਜਿਸ ਨਾਲ ਹਿਮਾਚਲ ਪ੍ਰਦੇਸ਼ ਨੂੰ ਸੂਬੇ ਤੋਂ ਬਾਹਰੋਂ ਪੈਟਰੋਲ-ਡੀਜ਼ਲ ਖਰੀਦਣ ਦੀ ਜ਼ਰੂਰਤ ਨਹੀਂ ਹੋਵੇਗੀ।ਇਸ ਦਾ ਸਭ ਤੋਂ ਵੱਧ ਫਾਇਦਾ ਪੈਟਰੋਲ ਪੰਪਾਂ ਨੂੰ ਹੋਵੇਗਾ ਕਿਉਂਕਿ ਉਨ੍ਹਾਂ ਦਾ ਟਰਾਂਸਪੋਰਟੇਸ਼ਨ ਖਰਚ ਘੱਟ ਹੋ ਜਾਵੇਗਾ।ਹਿਮਾਚਲ ਦੀ ਪੈਟਰੋਲੀਅਮ ਪਦਾਰਥਾਂ ਦੀ ਜ਼ਰੂਰਤ ਸੂਬੇ 'ਚ ਹੀ ਪੂਰੀ ਹੋਵੇਗੀ।

 


ਇਸ ਸਮਾਰਟ ਟਰਮੀਨਲ ਦੀ ਸਮਰੱਥਾ 85,800 ਕਿਲੋਲੀਟਰ ਹੋਵੇਗੀ। ਫਿਲਹਾਲ ਹਿਮਾਚਲ ਪ੍ਰਦੇਸ਼ ਦੀ ਜ਼ਰੂਰਤ ਜਲੰਧਰ, ਅੰਬਾਲਾ ਸਥਿਤ ਡਿਪੂਸ ਵੱਲੋਂ ਪੂਰੀ ਕੀਤੀ ਜਾਂਦੀ ਹੈ। ਹਿਮਚਾਲ 'ਚ ਪੈਟਰੋ ਪ੍ਰਾਡਕਟਸ ਲਈ ਸਮਾਰਟ ਟਰਮੀਨਲ ਦੀ ਸਥਾਪਨਾ ਨਾਲ ਨਾ ਸਿਰਫ ਸਮੇਂ ਦੀ ਬਚਤ ਹੋਵੇਗੀ ਸਗੋਂ ਪੈਟਰੋਲ ਪੰਪ ਮਾਲਕਾਂ ਦੀ ਟਰਾਂਸਪੋਰਟੇਸ਼ਨ ਲਾਗਤ ਵੀ ਘੱਟ ਹੋਵੇਗੀ। ਸੂਬੇ 'ਚ ਕੁੱਲ 450 ਪੈਟਰੋਲ ਪੰਪ ਹਨ, ਜਿਨ੍ਹਾਂ 'ਚੋਂ ਤਕਰੀਬਨ 238 ਪੰਪ ਆਈ. ਓ. ਸੀ. ਦੇ ਹਨ।

ਉੱਥੇ ਹੀ, ਹਿਮਾਚਲ ਪ੍ਰਦੇਸ਼ 'ਚ ਮੌਜੂਦਾ ਸਮੇਂ ਪਰਵਾਨੂੰ ਤੇ ਕੁੱਲੂ 'ਚ ਦੋ ਛੋਟੇ-ਛੋਟੇ ਟਰਮੀਨਲ ਹਨ। ਇਕ ਵਾਰ ਊਨਾ ਸ਼ਹਿਰ 'ਚ ਟਰਮੀਨਲ ਸ਼ੁਰੂ ਹੋ ਜਾਣ 'ਤੇ ਦੋ ਦੂਜੇ ਹੋਰ ਬੰਦ ਕਰ ਦਿੱਤੇ ਜਾਣਗੇ। ਹਿਮਾਚਲ 'ਚ ਨਵਾਂ ਟਰਮੀਨਲ ਮੀਲ ਦਾ ਪੱਥਰ ਸਾਬਤ ਹੋਵੇਗਾ। ਇਹ ਟਰਮੀਨਲ ਸ਼ਿਮਲਾ ਤੋਂ ਤਕਰੀਬਨ 200 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਲੇਹ ਤੇ ਲੱਦਾਖ 'ਚ ਸਰਦੀਆਂ ਦੌਰਾਨ ਈਂਧਣ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਡਿਫੈਂਸ ਲਈ ਰਣਨੀਤਕ ਸਟੋਰੇਜ ਗੜ੍ਹ ਹੋਵੇਗਾ, ਯਾਨੀ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਫੌਜ ਦੀ ਜ਼ਰੂਰਤ ਵੀ ਪੂਰੀ ਹੋਵੇਗੀ।