ਕੋਰੋਨਾ ਆਫ਼ਤ ਦੇ ਬਾਵਜੂਦ ਭਾਰਤੀਆਂ ਦੀ ਜ਼ਿੰਦਾਦਿਲੀ ਨੇ ਆਰਥਿਕਤਾ ਨੂੰ ਸੰਭਾਲਿਆ, ਮਿਲ ਰਹੇ ਸਥਿਰ ਹੋਣ ਦੇ ਸੰਕੇਤ

09/27/2020 1:44:41 PM

ਨਵੀਂ ਦਿੱਲੀ(ਇੰਟ.) – ਕੋਰੋਨਾ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਭਾਰਤੀਆਂ ਦੀ ਜ਼ਿੰਦਾਦਿਲੀ ਨੇ ਦੇਸ਼ ਦੀ ਆਰਥਿਕਤਾ ਨੂੰ ਸੰਭਾਲਣ ਦਾ ਕੰਮ ਕੀਤਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਭਾਰਤੀ ਆਰਥਿਕਤਾ ’ਚ ਗਿਰਾਵਟ ਰੁਕਣ ਅਤੇ ਸਥਿਰ ਹੋਣ ਦੇ ਸੰਕੇਤ ਅਗਸਤ ਮਹੀਨੇ ’ਚ ਮਿਲੇ ਹਨ। ਯਾਨੀ ਭਾਰਤੀ ਆਰਥਿਕਤਾ ’ਚ ਗਿਰਾਵਟ ਦਾ ਦੌਰ ਖਤਮ ਹੋ ਗਿਆ ਹੈ। ਇਹ ਨਿਰਮਾਣ ਅਤੇ ਸੇਵਾ ਖੇਤਰ ’ਚ ਲਗਾਤਾਰ ਹੋ ਰਹੇ ਸੁਧਾਰ ਕਾਰਣ ਹੋਇਆ ਹੈ।

ਰਿਪੋਰਟ ਮੁਤਾਬਕ ਭਾਰਤੀ ਅਰਥਵਿਵਸਥਾ ਦੇ 8 ਕੋਰ ਸੈਕਟਰਸ ’ਚੋਂ 5 ’ਚ ਸੁਧਾਰ ਹੋਇਆ ਹੈ। ਉਥੇ ਹੀ 2 ’ਚ ਬਦਲਾਅ ਨਹੀਂ ਅਤੇ ਇਕ ’ਚ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਲੋਕਾਂ ਦੀ ਜ਼ਿੰਦਾਦਿਲੀ (ਐਨੀਮਲ ਸਪਿਰਿਟ) ਨੇ ਆਰਥਿਕਤਾ ਨੂੰ ਹੇਠਾਂ ਡਿਗਣ ਤੋਂ ਰੋਕਿਆ ਹੈ। ਕੋਰੋਨਾ ਅਤੇ ਲਾਕਡਾਊਨ ਕਾਰਣ ਤਿੰਨ ਮਹੀਨੇ ਤੱਕ ਭਾਰਤੀ ਆਰਥਿਕਤਾ ਇਕਦਮ ਰੁਕ ਗਈ ਸੀ। ਇਸ ਨਾਲ ਆਰਥਿਕਤਾ ’ਚ ਵੱਡੀ ਗਿਰਾਵਟ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਆਈ ਸੀ।

ਇਹ ਪੰਜ ਸੂਚਕ ਦੇ ਰਹੇ ਸੁਧਾਰਕ ਦੇ ਸੰਕੇਤ

1. ਪੈਟਰੋਲ ਅਤੇ ਡੀਜ਼ਲ ਦੀ ਮੰਗ ’ਚ ਵਾਧਾ

2. ਬਿਜਲੀ ਦੀ ਮੰਗ 90 ਫੀਸਦੀ ਤੱਕ ਪਹੁੰਚੀ

3. ਟੋ ਸੰਗ੍ਰਹਿ ’ਚ ਹੋ ਰਿਹਾ ਵਾਧਾ

4. ਜੀ. ਐੱਸ. ਟੀ. ਸੰਗ੍ਰਹਿ ’ਚ ਗਿਰਾਵਟ ਤੋਂ ਬਾਅਦ ਸੁਧਾਰ

5. ਈ-ਵੇ ਬਿਲ ਦੀ ਗਿਣਤੀ ’ਚ ਵਾਧਾ ਜਾਰੀ

ਆਰਥਿਕਤਾ ਨੂੰ ਪੂਰੀ ਤਰ੍ਹਾਂ ਰਫਤਾਰ ’ਚ ਆਉਣ ’ਚ ਲੱਗੇਗਾ ਲੰਮਾ ਸਮਾਂ

ਭਾਰਤੀ ਜੀ. ਡੀ. ਪੀ. ਪਹਿਲੀ ਤਿਮਾਹੀ ’ਚ ਕਰੀਬ 24 ਫੀਸਦੀ ਹੇਠਾਂ ਡਿਗ ਗਈ ਸੀ ਪਰ 3 ਮਹੀਨੇ ਬਾਅਦ ਅਗਸਤ ’ਚ ਇਕ ਵਾਰ ਮੁੜ ਮੰਗ ਵਧੀ ਹੈ। ਇਹ ਭਾਰਤੀ ਆਰਥਿਕਤਾ ਨੂੰ ਸਥਿਰ ਕਰਨ ਦਾ ਕੰਮ ਕਰ ਰਿਹਾ ਹੈ। ਹਾਲਾਂਕਿ ਹਾਲੇ ਵੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਰਫਤਾਰ ’ਚ ਆਉਣ ’ਚ ਲੰਮਾ ਸਮਾਂ ਲੱਗੇਗਾ ਕਿਉਂਕਿ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਆਰਥਿਕ ਸਰਗਰਮੀਆਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ। ਇਸ ਕਾਰਣ ਕਈ ਰੇਟਿੰਗ ਏਜੰਸੀਆਂ ਅਤੇ ਅਰਥਸ਼ਾਸਤਰੀਆਂ ਨੇ ਭਾਰਤੀ ਆਰਥਿਕਤਾ ਨੂੰ ਲੈ ਕੇ ਪਹਿਲਾਂ ਲਗਾਏ ਗਏ ਅਨੁਮਾਨ ’ਚ ਕਮੀ ਕੀਤੀ ਹੈ।

ਇਹ ਵੀ ਦੇਖੋ : ਹੁਣ ਸਰਕਾਰੀ ਕੰਪਨੀ ਜ਼ਰੀਏ ਵੀ ਕਰ ਸਕੋਗੇ ਸੋਨੇ ਦੀ ਅਦਲਾ-ਬਦਲੀ ਜਾਂ ਮੁੜ-ਖਰੀਦ

ਸੇਵਾ ਖੇਤਰ ’ਚ ਲਗਾਤਾਰ ਸੁਧਾਰ

ਰਿਪੋਰਟ ਮੁਤਾਬਕ ਭਾਰਤ ਦੇ ਸੇਵਾ ਖੇਤਰ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਸੇਵਾ ਖੇਤਰ ਦਾ ਸੂਚਕ ਅੰਕ ਅਗਸਤ ’ਚ ਵਧ ਕੇ 41.8 ਹੋ ਗਿਆ ਜੋ ਜੁਲਾਈ ਮਹੀਨੇ ’ਚ 34.2 ਸੀ। ਉਥੇ ਹੀ ਅਪ੍ਰੈਲ ’ਚ ਇਹ ਡਿਗ ਕੇ 5.4 ’ਤੇ ਪਹੁੰਚ ਗਿਆ ਸੀ। ਇਹ ਸੂਚਕ ਅੰਕ ਇਸ ਗੱਲ ਦਾ ਸਬੂਤ ਹਨ ਕਿ ਭਾਰਤੀ ਆਰਥਿਕਤਾ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹਾਲਾਂਕਿ 50 ਤੋਂ ਹੇਠਾਂ ਦੀ ਗਿਣਤੀ ਇਹ ਦੱਸਦੀ ਹੈ ਕਿ ਹਾਲੇ ਵੀ ਭਾਰਤੀ ਆਰਥਿਕਤਾ ਕਾਂਟ੍ਰੈਕਸ਼ਨ ’ਚ ਹੈ। ਇਸ ਤਰ੍ਹਾਂ ਨਿਰਮਾਣ ਸੈਕਟਰ ਚਾਰ ਮਹੀਨੇ ਲਗਾਤਾਰ ਕਾਂਟ੍ਰੈਕਸ਼ਨ ਤੋਂ ਬਾਅਦ ਅਗਸਤ ’ਚ ਉਛਲਿਆ ਹੈ।

ਬਰਾਮਦ ’ਤੇ ਸੰਕਟ ਬਰਕਰਾਰ

ਬਰਾਮਦ ਦੇ ਮੋਰਚੇ ’ਤੇ ਹਾਲੇ ਵੀ ਸੰਕਟ ਬਰਕਰਾਰ ਹੈ ਕਿਉਂਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਕੋਰੋਨਾ ਨਾਲ ਲੜਾਈ ਲੜ ਰਹੇ ਹਨ। ਇਸ ਕਾਰਣ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ ਇਸ ਸਾਲ ਅਗਸਤ ’ਚ ਸ਼ਿਪਮੈਂਟ ’ਚ 12.7 ਫੀਸਦੀ ਦੀ ਗਿਰਾਵਟ ਆਈ ਹੈ। ਹਾਲਾਂਕਿ ਦਵਾਈ ਅਤੇ ਫਾਰਮਾਸਿਊਟੀਕਲਸ ਬਰਾਮਦ ਦੀ ਸ਼ਿਪਮੈਂਟ ਲੜੀਵਾਰ 22 ਅਤੇ 17 ਫੀਸਦੀ ਵਧਿਆ ਹੈ। ਉਥੇ ਹੀ ਦੂਜੇ ਪਾਸੇ ਤਿਓਹਾਰਾਂ ਨੂੰ ਦੇਖਦੇ ਹੋਏ ਸੋਨੇ ਦੀ ਮੰਗ ਵਧੀ ਸੀ, ਜਿਸ ਨਾਲ ਵਪਾਰ ਵਧਿਆ ਹੈ।

ਇਹ ਵੀ ਦੇਖੋ : ਹੁਣ ਸਰ੍ਹੋਂ ਦੇ ਤੇਲ 'ਚ ਕਿਸੇ ਹੋਰ ਤੇਲ ਦੀ ਮਿਲਾਵਟ ਪਵੇਗੀ ਭਾਰੀ, ਨਵਾਂ ਨਿਯਮ 1 ਅਕਤੂਬਰ ਤੋਂ ਹੋਵੇਗਾ ਲਾਗੂ

ਖਪਤਕਾਰਾਂ ਵਲੋਂ ਮੰਗ ਵਧੀ

ਲਾਕਡਾਊਨ ’ਚ ਢਿੱਲ ਤੋਂ ਬਾਅਦ ਖਪਤਕਾਰ ਸਰਗਰਮੀ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਅਗਸਤ ਮਹੀਨੇ ’ਚ ਗੱਡੀਆਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 14.10 ਫੀਸਦੀ ਵਧੀ, ਜੋ ਇਹ ਸੰਕੇਤ ਦਿੰਦਾ ਹੈ ਕਿ ਬਾਜ਼ਾਰ ’ਚ ਮੰਗ ਮੁੜ ਪਰਤ ਰਹੀ ਹੈ। ਰਿਟੇਲ ਸੇਲਸ ’ਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਪ੍ਰਚੂਨ ਦੁਕਾਨਦਾਰਾਂ ਦੀ ਵਿਕਰੀ ਵਧੀ ਹੈ ਪਰ ਹਾਲੇ ਵੀ ਸਾਲਾਨਾ ਆਧਾਰ ’ਤੇ 70 ਫੀਸਦੀ ਘੱਟ ਹੈ। ਇਸ ਸਭ ਦੇ ਦਰਮਿਆਨ ਲੋਨ ਦੀ ਮੰਗ ਨਹੀਂ ਵਧੀ ਹੈ ਜੋ ਇਕ ਚਿੰਤਾ ਦਾ ਵਿਸ਼ਾ ਹੈ। ਸੈਂਟਰਲ ਬੈਂਕ ਦੇ ਡਾਟਾ ਮੁਤਾਬਕ ਲੋਨ ਦੀ ਮੰਗ ਅਗਸਤ ਮਹੀਨੇ ’ਚ 5.5 ਫੀਸਦੀ ਵਧੀ ਜਦੋਂ ਕਿ ਪਿਛਲੇ ਸਾਲ ਸਮਾਨ ਮਿਆਦ ’ਚ ਇਹ 12 ਫੀਸਦੀ ਦੀ ਦਰ ਨਾਲ ਵਧੀ ਸੀ।

ਉਦਯੋਗਿਕ ਮੋਰਚੇ ’ਤੇ ਵੀ ਰਾਹਤ

ਜੁਲਾਈ ’ਚ ਉਦਯੋਗਿਕ ਉਤਪਾਦਨ 10.4 ਫੀਸਦੀ ਡਿਗਿਆ ਸੀ। ਉਥੇ ਹੀ ਜੂਨ ’ਚ ਇਹ 15.8 ਫੀਸਦੀ ਡਿਗਿਆ ਸੀ। ਕੈਪੀਟਲ ਗੁੱਡਸ ਆਊਟਪੁੱਟ ਜੋ ਆਰਥਿਕਤਾ ’ਚ ਮੰਗ ਦਾ ਇਕ ਪ੍ਰਮੁੱਖ ਸੰਕੇਤਕ 22.8 ਫੀਸਦੀ ਡਿਗਿਆ ਸੀ। ਇਨਫ੍ਰਾਸਟ੍ਰਕਚਰ ’ਚ ਵੀ ਗਿਰਾਵਟ ਦਰਜ ਕੀਤੀ ਗਈ ਪਰ ਸਾਰੇ ਸੈਕਟਰਸ ’ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨੇ ’ਚ ਹੋਰ ਸੁਧਾਰ ਹੋਣਗੇ ਅਤੇ ਆਰਥਿਕਤਾ ਤੇਜ਼ੀ ਨਾਲ ਪਟੜੀ ’ਤੇ ਪਰਤੇਗੀ।

ਇਹ ਵੀ ਦੇਖੋ : ਪਾਣੀ ਵੇਚਣ ਵਾਲਾ ਇਹ ਸ਼ਖ਼ਸ ਬਣਿਆ ਚੀਨ ਦਾ ਸਭ ਤੋਂ ਅਮੀਰ ਵਿਅਕਤੀ, ਜੈਕ ਮਾ ਨੂੰ ਵੀ ਪਛਾੜਿਆ

Harinder Kaur

This news is Content Editor Harinder Kaur