ਰੇਲਵੇ ਹਰ ਭਾਰਤੀ ਦੀ ਸੰਪਤੀ, ਕਦੇ ਨਹੀਂ ਕੀਤਾ ਜਾਵੇਗਾ ਨਿੱਜੀਕਰਨ : ਗੋਇਲ

03/16/2021 2:55:40 PM

ਨਵੀਂ ਦਿੱਲੀ- ਰੇਲ ਮੰਤਰੀ ਪਿਊਸ਼ ਗੋਇਲ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਜ਼ੋਰ ਦੇ ਕੇ ਕਿਹਾ ਕਿ ਰੇਲਵੇ ਦਾ ਕਦੇ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲਣ ਅਤੇ ਰੇਲਵੇ ਜ਼ਰੀਏ ਅਰਥਵਿਵਸਥਾ ਨੂੰ ਮਜਬੂਤੀ ਮਿਲੇ ਇਸ ਲਈ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਤ ਕਰਨਾ ਜ਼ਰੂਰੀ ਹੈ। ਇਸ ਨਾਲ ਸਹੂਲਤਾਂ ਵਿਚ ਸੁਧਾਰ ਹੋਵੇਗਾ। ਨਿੱਜੀ ਨਿਵੇਸ਼ ਨਾਲ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ।

ਰੇਲਵੇ ਲਈ ਗ੍ਰਾਂਟਾਂ ਦੀ ਮੰਗ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਗੋਇਲ ਨੇ ਕਿਹਾ, ''ਭਾਰਤੀ ਰੇਲਵੇ ਦਾ ਕਦੇ ਵੀ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਇਹ ਹਰ ਭਾਰਤੀ ਦੀ ਸੰਪਤੀ ਹੈ ਅਤੇ ਇਸੇ ਤਰ੍ਹਾਂ ਰਹੇਗੀ।''

ਪਿਊਸ਼ ਗੋਇਲ ਨੇ ਕਿਹਾ ਕਿ ਦੇਸ਼ ਉਦੋਂ ਉੱਚ ਤਰੱਕੀ ਵੱਲ ਵੱਧ ਸਕਦਾ ਹੈ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰ ਸਕਦਾ ਹੈ ਜਦੋਂ ਸਰਕਾਰੀ ਅਤੇ ਨਿੱਜੀ ਖੇਤਰ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਵਿੱਤੀ ਸਾਲ 2021-22 ਲਈ ਰੇਲਵੇ ਲਈ ਬਜਟ ਵਧਾ ਕੇ 2.15 ਲੱਖ ਕਰੋੜ ਰੁਪਏ ਕਰ ਦਿੱਤਾ ਹੈ, ਜੋ ਵਿੱਤੀ ਸਾਲ 2019-20 ਵਿਚ 1.5 ਲੱਖ ਕਰੋੜ ਰੁਪਏ ਸੀ। ਮੰਤਰੀ ਨੇ ਕਿਹਾ, "ਅਸੀਂ ਯਾਤਰੀਆਂ ਦੀ ਸੁਰੱਖਿਆ 'ਤੇ ਜ਼ੋਰ ਦੇ ਰਹੇ ਹਾਂ। ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਪਿਛਲੇ ਦੋ ਸਾਲਾਂ ਵਿਚ ਕਿਸੇ ਵੀ ਯਾਤਰੀ ਦੀ ਮੌਤ ਨਹੀਂ ਹੋਈ। ਰੇਲ ਹਾਦਸੇ ਦੀ ਵਜ੍ਹਾ ਨਾਲ ਆਖਰੀ ਮੌਤ ਦੀ ਘਟਨਾ ਮਾਰਚ 2019 ਵਿਚ ਵਾਪਰੀ ਸੀ।"

Sanjeev

This news is Content Editor Sanjeev