ਚੀਨ ਦੀ ਰਸੌਈ 'ਚ ਲੱਗੇਗਾ ਭਾਰਤੀ ਮਿਰਚ ਦਾ ਤੜਕਾ

05/10/2019 3:47:17 PM

ਨਵੀਂ ਦਿੱਲੀ — ਚੀਨ ਨੇ ਭਾਰਤ ਨੂੰ ਆਪਣੇ ਬਜ਼ਾਰ ਵਿਚ ਮਿਰਚ ਖਲੀ ਨਿਰਯਾਤ ਕਰਨ ਦੀ ਵੀਰਵਾਰ ਨੂੰ ਆਗਿਆ ਦੇ ਦਿੱਤੀ । ਇਸ ਫਸਲ ਨੂੰ ਨਿਰਯਾਤ ਲਈ ਲੰਮੇ ਸਮੇਂ ਤੋਂ ਨਵੇਂ ਬਜ਼ਾਰ ਦੀ ਜ਼ਰੂਰਤ ਸੀ। ਇਸ ਸੰਬੰਧ ਵਿਚ ਚੀਨ ਦੇ ਕਸਟਮ ਅਧਿਕਾਰੀਆਂ ਨਾਲ ਸਮਝੌਤਾ ਕੀਤਾ ਗਿਆ ਹੈ। ਮਿਰਚ ਖਲੀ ਉਹ ਪਦਾਰਥ ਹੁੰਦਾ ਹੈ ਜਿਹੜਾ ਕਿ ਮਿਰਚ ਦਾ ਤੇਲ ਕੱਢਣ ਤੋਂ ਬਾਅਦ ਬਾਕੀ ਬਚਦਾ ਹੈ। ਮਿਰਚ ਦੀ ਚਟਨੀ ਅਤੇ ਹੋਰ ਉਤਪਾਦਾਂ ਦੇ ਨਿਰਮਾਣ ਉਦਯੋਗ ਵਿਚ ਇਸ ਦਾ ਇਸਤੇਮਾਲ ਕੱਚੇ ਮਾਲ ਦੇ ਤੌਰ 'ਤੇ ਵਿਆਪਕ ਰੂਪ ਵਿਚ ਕੀਤਾ ਜਾਂਦਾ ਹੈ। ਮਿਰਚ ਭਾਰਤ ਵਿਚੋਂ ਸਭ ਤੋਂ ਜ਼ਿਆਦਾ ਨਿਰਯਾਤ ਕੀਤੇ ਜਾਣ ਵਾਲਾ ਮਸਾਲਾ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਚੀਨ ਇਕ ਪ੍ਰਮੁੱਖ ਖਰੀਦਦਾਰ ਦੇ ਰੂਪ 'ਚ ਸਾਹਮਣੇ ਆਇਆ ਹੈ। ਦੁਨੀਆ 'ਚ ਭਾਰਤ ਮਿਰਚ ਦਾ ਸਭ ਤੋਂ ਵੱਡਾ ਉਤਪਾਦਕ, ਉਪਭੋਗਤਾ ਅਤੇ ਨਿਰਯਾਤਕ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਭਾਰਤ 'ਚ ਆਂਧਰਾ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ 7,92,000 ਹੈਕਟੇਅਰ ਭੂਮੀ 'ਤੇ ਲਾਲ ਮਿਰਚ ਦੀ ਖੇਤੀ ਕੀਤੀ ਜਾਂਦੀ ਹੈ। ਇਹ ਫਸਲ ਅਗਸਤ ਅਤੇ ਸਤੰਬਰ ਵਿਚ ਉਗਾਈ ਜਾਂਦੀ ਹੈ ਅਤੇ ਮਾਰਚ ਅਤੇ ਅਪ੍ਰੈਲ ਵਿਚ ਇਸ ਦੀ ਕਟਾਈ ਕੀਤੀ ਜਾਂਦੀ ਹੈ। 

ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੇ ਅਨੁਸਾਰ ਦੇਸ਼ ਨੇ ਲਗਭਗ 30 ਲੱਖ ਟਨ ਸੁੱਕੀ ਮਿਰਚ ਅਤੇ ਕਾਲੀ ਮਿਰਚ ਦਾ ਉਤਪਾਦਨ ਕੀਤਾ। ਮੁੰਬਈ ਸਥਿਤ ਐਗਰੋ ਕ੍ਰਾਪਸ ਦੇ ਅਨੁਸਾਰ ਭਾਰਤ ਵਿਚ 13 ਲੱਖ ਟਨ ਤੋਂ ਜ਼ਿਆਦਾ ਉਤਪਾਦਿਤ ਲਾਲ ਮਿਰਚ ਵਿਚੋਂ 70 ਫੀਸਦੀ ਦਾ ਉਪਯੋਗ ਘਰੇਲੂ ਰੂਪ ਵਿਚ ਕੀਤਾ ਜਾਂਦਾ ਹੈ ਅਤੇ ਬਾਕੀ ਦਾ ਨਿਰਯਾਤ ਕਰ ਦਿੱਤਾ ਜਾਂਦਾ ਹੈ। ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਸਾਰੇ ਮਸਾਲਿਆਂ ਵਿਚ ਸੁੱਕੀ ਮਿਰਚ ਦਾ ਯੋਗਦਾਨ 22 ਫੀਸਦੀ ਰਹਿੰਦਾ ਹੈ। ਭਾਰਤ ਨੇ ਚੀਨ ਦੇ ਖੇਤੀਬਾੜੀ ਅਤੇ ਪ੍ਰੋਸੈਸਡ ਭੋਜਨ ਉਤਪਾਦਾਂ ਦੇ ਬਜ਼ਾਰ 'ਚ ਆਪਣੀ ਪਹੁੰਚ ਬਣਾਉਣ 'ਤੇ ਲਗਾਤਾਰ ਜ਼ੋਰ ਦਿੱਤਾ ਹੈ। ਇਸ ਮਾਮਲੇ 'ਚ ਭਾਰਤ ਨੇ ਪੱਕੇ ਇਰਾਦੇ ਨਾਲ 13 ਸਾਲਾਂ ਬਾਅਦ ਚੀਨ ਦੇ ਬਜ਼ਾਰ ਵਿਚ ਆਪਣੀ ਪਹੁੰਚ ਬਣਾਉਣ ਲਈ ਉਸ ਨੂੰ ਰਾਜ਼ੀ ਕਰ ਲਿਆ ਹੈ। ਪਿਛਲੇ ਸਾਲ ਚੀਨ ਨੇ ਤਿੰਨ ਭਾਰਤੀ ਖੁਰਾਕ ਉਤਪਾਦਾਂ- ਅੰਬ, ਅੰਗੂਰ ਅਤੇ ਚਾਵਲ ਨੂੰ ਆਪਣੇ ਬਜ਼ਾਰ ਵਿਚ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਸੀ। 

ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਨਿਰਯਾਤ ਵਿਕਾਸ ਅਥਾਰਟੀ(ਏਪੀਡਾ) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ' ਪਰ ਇਨ੍ਹਾਂ ਸਾਰਿਆਂ ਦੇ ਬਾਅਦ ਵੀ ਚੀਨ ਨੇ ਬਾਅਦ ਵਿਚ ਚਾਵਲ ਲਈ ਹੋਰ ਜ਼ਿਆਦਾ ਉਪ-ਸ਼੍ਰੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਦਾ ਨਤੀਜਾ ਇਹ ਰਿਹਾ ਕਿ ਬਾਸਮਤੀ ਦੀਆਂ ਕਿਸਮਾਂ ਨੂੰ ਨਿਰਯਾਤ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ' ਅਮਰੀਕਾ-ਚੀਨ ਵਪਾਰ ਯੁੱਧ ਦੇ ਮੱਦੇਨਜ਼ਰ ਇਹ ਬੈਠਕ ਮਾਇਨੇ ਰੱਖਦੀ ਹੈ। ਚੀਨੀ ਪੱਖ ਨੇ ਲੰਮੇ ਸਮੇਂ ਤੋਂ ਮੌਜੂਦ ਵਪਾਰਕ ਅਸੰਤੁਲਨ ਅਤੇ ਭਾਰਤੀ ਉਤਪਾਦਾਂ ਅਤੇ ਸੇਵਾਵਾਂ ਲਈ ਬਜ਼ਾਰ ਖੋਲ੍ਹਣ ਦੀ ਬੇਨਤੀ ਦੇ ਸੰਬੰਧ ਵਿਚ ਭਾਰਤ ਦੀਆਂ ਚਿੰਤਾਵਾਂ 'ਤੇ ਧਿਆਨ ਦਿੱਤਾ ਹੈ।