ਬ੍ਰਿਟੇਨ ਨੂੰ ਫਿਰ ਪਛਾੜੇਗਾ ਭਾਰਤ, ''30 ਤੱਕ ਬਣ ਜਾਏਗਾ ਤੀਜੀ ਵੱਡੀ ਆਰਥਿਕਤਾ

12/26/2020 5:41:35 PM

ਨਵੀਂ ਦਿੱਲੀ-  ਭਾਰਤ 2025 ਤੱਕ ਬ੍ਰਿਟੇਨ ਨੂੰ ਪਛਾੜ ਕੇ ਵਿਸ਼ਵ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ 2030 ਤੱਕ ਤੀਜੇ ਸਥਾਨ 'ਤੇ ਪਹੁੰਚ ਜਾਵੇਗਾ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਭਾਵਿਤ 2020 ਵਿਚ ਭਾਰਤੀ ਅਰਥਵਿਵਸਥਾ ਇਕ ਸਥਾਨ ਖਿਸਕ ਕੇ 6ਵੇਂ 'ਤੇ ਆ ਗਈ ਹੈ। ਭਾਰਤ 2019 ਵਿਚ ਬ੍ਰਿਟੇਨ ਤੋਂ ਉਪਰ ਨਿਕਲ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਸੀ।

ਬ੍ਰਿਟੇਨ ਦੀ ਪ੍ਰਮੁੱਖ ਆਰਥਿਕ ਰਿਸਰਚ ਸੰਸਥਾ ਸੈਂਟਰ ਫਾਰ ਇਕਨੋਮਿਕ ਐਂਡ ਬਿਜ਼ਨੈੱਸ ਰਿਸਰਚ (ਸੀ. ਈ. ਬੀ. ਆਰ.) ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ, "ਭਾਰਤ ਮਹਾਮਾਰੀ ਦੇ ਅਸਰ ਕਾਰਨ ਥੋੜ੍ਹਾ ਲੜਖੜਾਇਆ ਹੈ। ਇਸ ਦੇ ਨਤੀਜੇ ਵਜੋਂ 2019 ਵਿਚ ਬ੍ਰਿਟੇਨ ਨੂੰ ਪਛਾੜਨ ਤੋਂ ਬਾਅਦ ਭਾਰਤ ਇਸ ਸਾਲ ਬ੍ਰਿਟੇਨ ਤੋਂ ਪੱਛੜ ਗਿਆ ਹੈ। ਬ੍ਰਿਟੇਨ 2024 ਤੱਕ ਅੱਗੇ ਰਹੇਗਾ ਅਤੇ ਉਸ ਤੋਂ ਬਾਅਦ ਭਾਰਤ ਅੱਗੇ ਨਿਕਲ ਜਾਵੇਗਾ।''

ਇੰਝ ਲੱਗਦਾ ਹੈ ਕਿ ਰੁਪਏ ਦੇ ਕਮਜ਼ੋਰ ਹੋਣ ਕਾਰਨ ਬ੍ਰਿਟੇਨ ਦੁਬਾਰਾ 2020 ਵਿਚ ਭਾਰਤ ਤੋਂ ਉਪਰ ਆ ਗਿਆ। ਰਿਪੋਰਟ ਵਿਚ ਅਨੁਮਾਨ ਹੈ ਕਿ 2021 ਵਿਚ ਭਾਰਤ ਦੀ ਵਿਕਾਸ ਦਰ 9 ਫ਼ੀਸਦੀ ਅਤੇ 2022 ਵਿਚ 7 ਫ਼ੀਸਦੀ ਰਹੇਗੀ। ਸੀ. ਈ. ਬੀ. ਆਰ. ਦਾ ਕਹਿਣਾ ਹੈ ਕਿ ਇਹ ਸੁਭਾਵਕ ਹੈ ਕਿ ਭਾਰਤ ਜਿਵੇਂ-ਜਿਵੇਂ ਆਰਥਿਕ ਰੂਪ ਨਾਲ ਜ਼ਿਆਦਾ ਵਿਕਸਤ ਹੋਵੇਗਾ, ਦੇਸ਼ ਦੀ ਵਿਕਾਸ ਦਰ ਹੌਲੀ ਪਵੇਗੀ ਅਤੇ 2035 ਤੱਕ ਇਹ 5.8 ਫ਼ੀਸਦੀ 'ਤੇ ਆ ਜਾਵੇਗੀ। ਆਰਥਿਕ ਵਿਕਾਸ ਦੇ ਇਸ ਅਨੁਮਾਨਿਤ ਦਿਸ਼ਾ ਅਨੁਸਾਰ, ਭਾਰਤ ਆਰਥਿਕ ਪੱਖੋਂ 2025 ਵਿਚ ਬ੍ਰਿਟੇਨ ਤੋਂ, 2027 ਵਿਚ ਜਰਮਨੀ ਅਤੇ 2030 ਵਿਚ ਜਾਪਾਨ ਨੂੰ ਪਛਾੜ ਦੇਵੇਗਾ। ਸੰਸਥਾ ਨੇ ਭਵਿੱਖਬਾਣੀ ਕੀਤੀ ਹੈ ਕਿ ਚੀਨ 2028 ਵਿਚ ਅਮਰੀਕਾ ਨੂੰ ਪਛਾੜ ਕੇ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕਤਾ ਬਣ ਜਾਵੇਗਾ। ਸੰਸਥਾ ਨੇ ਕਿਹਾ ਹੈ ਕਿ ਕੋਵਿਡ-19 ਤੋਂ ਪਹਿਲਾਂ ਹੀ ਭਾਰਤੀ ਆਰਥਿਕਤਾ ਦੀ ਰਫ਼ਤਾਰ ਹੌਲੀ ਹੋਣ ਲੱਗੀ ਸੀ। 2019 ਵਿਚ ਵਿਕਾਸ ਦਰ 4.2 ਫ਼ੀਸਦੀ ਰਹਿ ਗਈ ਸੀ, ਜੋ ਦਸ ਸਾਲਾਂ ਦੀ ਘੱਟ ਵਾਧਾ ਦਰ ਸੀ।

Sanjeev

This news is Content Editor Sanjeev