ਭਾਰਤ ਦਾ ਵਪਾਰ ਘਾਟਾ 56 ਮਹੀਨਿਆਂ ਦੇ ਉੱਚ ਪੱਧਰ ''ਤੇ

02/16/2018 11:33:57 AM

ਨਵੀਂ ਦਿੱਲੀ— ਜਨਵਰੀ ਮਹੀਨੇ 'ਚ ਐਕਸਪੋਰਟ 'ਚ ਵਾਧੇ ਦੀ ਰਫਤਾਰ ਸੁਸਤ ਹੋ ਕੇ 9.07 ਫੀਸਦੀ ਰਹਿ ਗਈ ਹੈ, ਜੋ ਦਸੰਬਰ 'ਚ 12.03 ਫੀਸਦੀ ਸੀ। ਜਨਵਰੀ ਮਹੀਨੇ 'ਚ ਪਿਛਲੇ ਤਿੰਨ ਮਹੀਨਿਆਂ 'ਚ ਰਫਤਾਰ ਦਰ ਪਹਿਲੀ ਵਾਰ ਇਕ ਅੰਕ 'ਚ ਰਹੀ ਅਤੇ ਕੁੱਲ 24.83 ਅਰਬ ਡਾਲਰ ਦਾ ਐਕਸਪੋਰਟ ਹੋਇਆ ਹੈ। ਦਸੰਬਰ ਮਹੀਨੇ 'ਚ ਇਹ ਦਰ 12.3 ਫੀਸਦੀ ਸੀ, ਜਦੋਂ ਕਿ ਨਵੰਬਰ 'ਚ 30.5 ਫੀਸਦੀ ਰਹੀ ਸੀ। ਜਨਵਰੀ ਦੇ ਅੰਕੜਿਆਂ ਦੇ ਬਾਅਦ ਇਕ ਵਾਰ ਫਿਰ ਬਰਾਮਦਕਾਰਾਂ ਨੂੰ ਜੀ. ਐੱਸ. ਟੀ. ਦੇ ਦੌਰ 'ਚ ਰਿਫੰਡ ਨੂੰ ਲੈ ਕੇ ਸ਼ਿਕਾਇਤਾਂ ਦੇ ਹੱਲ ਦਾ ਮੌਕਾ ਮਿਲਿਆ ਹੈ। ਹਾਲਾਂਕਿ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਦੇਸ਼ 2017-18 'ਚ 300 ਅਰਬ ਡਾਲਰ ਦੇ ਐਕਸਪੋਰਟ ਟੀਚੇ ਵੱਲ ਵਧ ਰਿਹਾ ਹੈ।

ਉੱਥੇ ਹੀ, ਦੂਜੇ ਪਾਸੇ ਅੰਕੜਿਆਂ ਤੋਂ ਇਹ ਵੀ ਸਾਫ ਹੁੰਦਾ ਹੈ ਕਿ ਭਾਰਤ ਦਾ ਦਰਾਮਦ (ਇੰਪੋਰਟ) ਬਿੱਲ ਪਿਛਲੇ ਸਾਲ ਦੇ 380.36 ਅਰਬ ਡਾਲਰ ਨੂੰ ਪਾਰ ਕਰਨ ਵੱਲ ਹੈ। ਦਰਾਮਦ 'ਚ ਤੇਜ਼ੀ ਲਗਾਤਾਰ ਤੀਜੇ ਮਹੀਨੇ ਜਾਰੀ ਹੈ ਅਤੇ ਜਨਵਰੀ 'ਚ ਦਰਾਮਦ 26.10 ਫੀਸਦੀ ਵਧੀ ਹੈ, ਜੋ ਕਿ ਇਸ ਦੇ ਪਹਿਲੇ ਮਹੀਨੇ ਦੇ 2.11 ਫੀਸਦੀ ਦੇ ਮੁਕਾਬਲੇ ਜ਼ਿਆਦਾ ਹੈ। ਇਸ ਦੀ ਵਜ੍ਹਾ ਚਾਲੂ ਮਾਲੀ ਵਰ੍ਹੇ ਦੇ ਪਹਿਲੇ 10 ਮਹੀਨਿਆਂ ਦਾ ਦਰਾਮਦ ਬਿੱਲ 379 ਅਰਬ ਡਾਲਰ ਹੋ ਗਿਆ ਹੈ। ਕਾਰੋਬਾਰੀ ਘਾਟਾ 56 ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚਦੇ ਹੋਏ ਜਨਵਰੀ 'ਚ 16.3 ਅਰਬ ਡਾਲਰ ਹੋ ਗਿਆ, ਜੋ ਦਸੰਬਰ 'ਚ 14.9 ਅਰਬ ਡਾਲਰ ਸੀ। ਇਹ ਪਿਛਲੇ ਸਾਲ ਜਨਵਰੀ 'ਚ 9.91 ਅਰਬ ਡਾਲਰ ਸੀ। ਚਾਲੂ ਮਾਲੀ ਵਰ੍ਹੇ 'ਚ ਜਨਵਰੀ ਤਕ ਘਾਟਾ ਵਧ ਕੇ 131.14 ਅਰਬ ਡਾਲਰ ਹੋ ਗਿਆ ਹੈ, ਜੋ ਪਿਛਲੇ ਸਾਲ ਇਸੇ ਮਿਆਦ 'ਚ 114.9 ਅਰਬ ਡਾਲਰ ਸੀ। ਤੇਲ ਦੀ ਦਰਾਮਦ 'ਚ ਭਾਰੇ ਵਾਧੇ ਕਾਰਨ ਇਹ ਘਾਟਾ ਹੋਇਆ ਹੈ। ਜਨਵਰੀ ਮਹੀਨੇ 'ਚ 11.65 ਅਰਬ ਡਾਲਰ ਦੀ ਦਰਾਮਦ ਹੋਈ, ਜੋ ਪਹਿਲੇ ਦੇ ਮਹੀਨਿਆਂ ਦੇ ਮੁਕਾਬਲੇ 34.9 ਫੀਸਦੀ ਜ਼ਿਆਦਾ ਹੈ। ਹਾਲਾਂਕਿ ਸੋਨੇ ਦੀ ਦਰਾਮਦ 22.07 ਫੀਸਦੀ ਡਿੱਗ ਕੇ 1.59 ਅਰਬ ਡਾਲਰ ਰਹੀ।